ਬੱਚੀ ਦੇ ਹੌਂਸਲੇ ਨੂੰ ਸਲਾਮ : ਦੁਬਈ ‘ਚ ਭਾਰਤੀ ਮੂਲ ਦੀ ਇੱਕ ਚਾਰ ਸਾਲਾਂ ਲੜਕੀ ਨੇ ਕੈਂਸਰ ਤੋਂ ਬਾਅਦ ਕੋਰੋਨਾ ਨੂੰ ਦਿੱਤੀ ਮਾਤ

TeamGlobalPunjab
3 Min Read

ਦੁਬਈ : ਦੁਬਈ ‘ਚ ਭਾਰਤੀ ਮੂਲ ਦੀ ਇੱਕ ਚਾਰਾ ਸਾਲਾਂ ਬੱਚੀ ਸ਼ਿਵਾਨੀ ਨੇ ਕੈਂਸਰ ਦੀ ਬਿਮਾਰੀ ਤੋਂ ਬਾਅਦ ਹੁਣ ਕੋਰੋਨਾ ਮਹਾਮਾਰੀ ਨੂੰ ਹਰਾ ਕੇ ਆਪਣੀ ਜ਼ਿੰਦਗੀ ਦੀ ਜੰਗ ਜਿੱਤ ਲਈ ਹੈ। ਸ਼ਿਵਾਨੀ ਯੂਏਈ ‘ਚ ਕੋਰੋਨਾ ਨੂੰ ਮਾਤ ਦੇਣ ਵਾਲੀ ਸਭ ਤੋਂ ਛੋਟੀ ਉਮਰ ਦੀ ਬੱਚੀ ਬਣ ਗਈ ਹੈ। ਇਸ ਤੋਂ ਪਹਿਲਾਂ ਅਬੂ ਧਾਬੀ ਵਿੱਚ ਇੱਕ ਸੱਤ ਸਾਲਾਂ ਦੀ ਸੀਰੀਆ ਦੀ ਲੜਕੀ ਅਤੇ ਫਿਲੀਪੀਨਜ਼ ਦੇ ਇੱਕ ਨੌਂ ਸਾਲਾ ਲੜਕੇ ਨੇ ਕੋਰੋਨਾ ‘ਤੇ ਜਿੱਤ ਹਾਸਲ ਕੀਤੀ ਸੀ।

ਮਿਲੀ ਜਾਣਕਾਰੀ ਅਨੁਸਾਰ ਸ਼ਿਵਾਨੀ ਇਸ ਤੋਂ ਪਹਿਲਾਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਸੀ। ਉਸ ਨੇ ਲਗਾਤਾਰ 7 ਸਾਲ ਕੈਂਸਰ ਦੀ ਬਿਮਾਰੀ ਨਾਲ ਜੰਗ ਲੜੀ ਤੇ ਪਿਛਲੇ ਸਾਲ ਕੈਂਸਰ ‘ਤੇ ਜਿੱਤ ਹਾਸਲ ਕੀਤੀ। ਸ਼ਿਵਾਨੀ ਦੀ ਮਾਂ ਦੁਬਈ ‘ਚ ਇੱਕ ਸਿਹਤ ਕਰਮਚਾਰੀ ਹੈ ਜੋ ਮਾਰਚ ਮਹੀਨੇ ‘ਚ ਕੋਰੋਨਾ ਦੀ ਲਪੇਟ ‘ਚ ਆ ਗਈ ਸੀ। ਜਿਸ ਤੋਂ ਬਾਅਦ ਸ਼ਿਵਾਨੀ ਵੀ ਆਪਣੀ ਮਾਂ ਦੇ ਸੰਪਰਕ ‘ਚ ਆਉੇਣ ਕਾਰਨ ਕੋਰੋਨਾ ਨਾਲ ਸੰਕਰਮਿਤ ਹੋ ਗਈ ਸੀ। ਸ਼ਿਵਾਨੀ ਨੂੰ 1 ਅਪ੍ਰੈਲ ਨੂੰ ਅਲ-ਫਤੈਮ ਹੈਲਥ ਹੱਬ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਜਿੱਥੇ ਸ਼ਿਵਾਨੀ ਦੀ ਸਿਹਤ ਠੀਕ ਹੋਣ ਤੋਂ ਬਾਅਦ ਉਸ ਨੂੰ 20 ਦਿਨ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਅਲ-ਫਤੈਮ ਹੈਲਥ ਹੱਬ ਦੇ ਮੈਡੀਕਲ ਡਾਇਰੈਕਟਰ ਡਾ. ਥੌਲਫਕਰ ਅਲ ਬਾਜ਼ ਨੇ ਕਿਹਾ, ‘ਸ਼ਿਵਾਨੀ ਨੂੰ ਪਿਛਲੇ ਸਾਲ ਹੀ ਕੀਮੋਥੈਰੇਪੀ ਕਰਾਉਣੀ ਪਈ ਸੀ, ਇਸ ਲਈ ਉਸ ਦੀ ਰੋਗ ਪ੍ਰਤੀਰੋਧ ਸ਼ਕਤੀ ਕਮਜ਼ੋਰ ਹੈ।’ ਡਾਕਟਰ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਸੀ ਕਿ ਸ਼ਿਵਾਨੀ ਦੀ ਹਾਲਤ ਅਚਾਨਕ ਵਿਗੜ ਸਕਦੀ ਹੈ ਜਿਸ ਲਈ ਉਸ ਨੂੰ ਵਿਸ਼ੇਸ਼ ਨਿਗਰਾਨੀ ਹੇਠ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ਿਵਾਨੀ ਦਾ ਲਗਭਗ 20 ਦਿਨ ਹਸਪਤਾਲ ‘ਚ ਇਲਾਜ ਚੱਲਿਆ ਜਿਸ ਦੌਰਾਨ ਉਸ ਨੇ ਕੋਰੋਨਾ ਨੂੰ ਮਾਤ ਦੇ ਕੇ ਜ਼ਿੰਦਗੀ ਦੀ ਜੰਗ ਜਿੱਤ ਲਈ ਹੈ।” ਸ਼ਿਵਾਨੀ ਨੂੰ ਹੁਣ 14 ਦਿਨਾਂ ਲਈ ਘਰ ਵਿੱਚ ਅਲੱਗ ਗਿਆ ਹੈ।

ਜ਼ਿਕਰਯੋਗ ਹੈ ਕਿ ਦੁਬਈ ‘ਚ ਹੁਣ ਤੱਕ ਕੋਰੋਨਾ ਦੇ 10 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 76 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜਦ ਕਿ ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 7 ਹਜ਼ਾਰ ਤੱਕ ਪਹੁੰਚ ਗਈ ਹੈ ਤੇ 30 ਲੱਖ ਲੋਕ ਕੋਰੋਨਾ ਮਹਾਮਾਰੀ ਦੀ ਲਪੇਟ ‘ਚ ਹਨ।

- Advertisement -

Share this Article
Leave a comment