ਮੋਗਾ: ਇੱਥੇ ਸਕੱਤਰੇਤ ਤੋਂ ਬਾਅਦ ਹੁਣ ਇੱਕ ਐਸਡੀਐਮ ਦਫ਼ਤਰ ‘ਚ ਕੇਸਰੀ ਝੰਡਾ ਲਹਿਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਅਣਪਛਾਤਿਆਂ ਵੱਲੋਂ ਅੱਜ ਸਵੇਰੇ ਐਸਡੀਐਮ ਦਫਤਰ ਬਾਘਾਪੁਰਾਣਾ ਵਿੱਚ ਕੇਸਰੀ ਝੰਡਾ ਲਹਿਰਾਇਆ ਗਿਆ। ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਐਸਡੀਐਮ ਦਫ਼ਤਰ ਤੋਂ ਪਹਿਲਾਂ ਜ਼ਿਲ੍ਹਾ ਸਕੱਤਰੇਤ ਦੀ ਬਿਲਡਿੰਗ ‘ਤੇ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਕੇਸਰੀ ਝੰਡਾ ਲਹਿਰਾਇਆ ਗਿਆ ਸੀ। ਅੱਜ ਮੁੜ ਤੋਂ ਸਰਕਾਰੀ ਬਿਲਡਿੰਗ ‘ਚ ਇਹ ਝੰਡਾ ਲਹਿਰਾਉਣ ਦੇ ਨਾਲ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।
ਐਸਡੀਐਮ ਦਫ਼ਤਰ ‘ਚ ਜਿਸ ਸਥਾਨ ‘ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਥੇ ਗਣਤੰਤਰ ਅਤੇ ਸਵਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਫਹਿਰਾਇਆ ਜਾਂਦਾ ਹੈ।
ਐਸਡੀਐਮ ਦਫ਼ਤਰ ਜਿੱਥੇ ਜੁਡੀਸ਼ੀਅਲ ਕੋਰਟ ਵੀ ਹੈ, ਸਵੇਰੇ ਕਰੀਬ 9:15 ਵਜੇ ਤੱਕ ਇਹ ਝੰਡਾ ਝੂਲਦਾ ਰਿਹਾ। ਕਈ ਸਰਕਾਰੀ ਕਰਮਚਾਰੀ ਵੀ ਦਫ਼ਤਰਾਂ ‘ਚ ਪਹੁੰਚੇ ਪਰ ਕਿਸੇ ਨੂੰ ਪਤਾ ਨਹੀਂ ਲੱਗਾ। ਸੀਆਈਡੀ ਮੁਲਾਜ਼ਮਾਂ ਦੀ ਨਜ਼ਰ ਪੈਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਪੰਦਰਾਂ ਮਿੰਟਾਂ ਬਾਅਦ ਝੰਡਾ ਉਤਾਰ ਕੇ ਕਬਜ਼ੇ ‘ਚ ਲੈ ਲਿਆ।