ਸੁਖਬੀਰ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਅਕਾਲੀ ਦਲ ‘ਚ ਪੈਣ ਲੱਗਾ ਖਿਲਾਰਾ, ਸਾਬਕਾ ਵਿਧਾਇਕ ਨੇ ਵੀ ਸੌਂਪਿਆ ਅਸਤੀਫਾ

Global Team
2 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਦੋ ਵਾਰ ਵਿਧਾਇਕ ਰਹੇ ਨਰਿੰਦਰ ਕੁਮਾਰ ਸ਼ਰਮਾ (NK) ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਨਰਿੰਦਰ ਕੁਮਾਰ ਸ਼ਰਮਾ ਅਕਾਲੀ ਆਗੂ ਸੁਖਬੀਰ ਬਾਦਲ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ। ਨਰਿੰਦਰ ਕੁਮਾਰ ਸ਼ਰਮਾ ਨੂੰ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਤੋਂ ਅਕਾਲੀ ਦਲ ਦਾ ਉਮੀਦਵਾਰ ਬਣਾਇਆ ਗਿਆ ਸੀ। ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ NK ਸ਼ਰਮਾ ਨੇ ਐਲਾਨ ਕੀਤਾ ਹੈ ਕਿ ਅੱਜ ਉਨ੍ਹਾਂ ਪਾਰਟੀ ਦੇ ਹਰ ਅਹੁਦੇ ਤੋਂ ਅਸਤੀਫਾ ਸੁਖਬੀਰ ਬਾਦਲ ਨੂੰ ਸੌਂਪ ਦਿੱਤਾ ਹੈ।

ਨਰਿੰਦਰ ਕੁਮਾਰ ਸ਼ਰਮਾ ਨੇ ਅਸਤੀਫਾ ਦੇਣ ਅਤੇ ਪਾਰਟੀ ਛੱਡਣ ਦਾ ਕਾਰਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣਾ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਇਸ ਲਈ ਮੇਰੀ ਪਾਰਟੀ ਵਿੱਚ ਰਹਿਣ ਦੀ ਕੋਈ ਇੱਛਾ ਨਹੀਂ ਹੈ। ਉਧਰ, ਨਰਿੰਦਰ ਸ਼ਰਮਾ ਨੇ ਇਹ ਵੀ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿੰਦੇ ਹਨ ਤਾਂ ਉਹ ਪਾਰਟੀ ਵਰਕਰ ਵਜੋਂ ਅਕਾਲੀ ਦਲ ਵਿੱਚ ਕੰਮ ਕਰਦੇ ਰਹਿਣਗੇ।

2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਜ਼ਿਲ੍ਹੇ ਦੀ ਡੇਰਾਬੱਸੀ ਸੀਟ ਤੋਂ ਨਰਿੰਦਰ ਸ਼ਰਮਾ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ। ਨਰਿੰਦਰ ਸ਼ਰਮਾ ਨੇ ਇਹ ਚੋਣ 12 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੀ ਸੀ। ਅਕਾਲੀ ਦਲ ਦੀ ਸਰਕਾਰ ਨੇ ਉਨ੍ਹਾਂ ਨੂੰ ਸੰਸਦੀ ਸਕੱਤਰ (ਉਦਯੋਗ ਅਤੇ ਵਣਜ ਵਿਭਾਗ) ਦੀ ਜ਼ਿੰਮੇਵਾਰੀ ਸੌਂਪੀ ਸੀ। ਨਰਿੰਦਰ ਸ਼ਰਮਾ ਦੂਜੀ ਵਾਰ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਵਿਧਾਇਕ ਚੁਣੇ ਗਏ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਨਰਿੰਦਰ ਸ਼ਰਮਾ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਆਮ ਆਦਮੀ ਪਾਰਟੀ ਦੇ ਕੁਲਜੀਤ ਸਿੰਘ ਰੰਧਾਵਾ ਉਨ੍ਹਾਂ ਨੂੰ ਹਰਾ ਕੇ ਡੇਰਾਬੱਸੀ ਸੀਟ ਤੋਂ ਵਿਧਾਇਕ ਬਣੇ। ਲੋਕ ਸਭਾ 2024 ਦੀਆਂ ਚੋਣਾਂ ਨਰਿੰਦਰ ਸ਼ਰਮਾ ਨੇ ਪਟਿਆਲਾ ਤੋਂ ਲੜੀ ਸੀ ਜੋ ਕਾਂਗਰਸ ਦੇ ਧਰਮਵੀਰ ਗਾਂਧੀ ਤੋਂ ਹਾਰ ਗਏ ਸਨ।

Share This Article
Leave a Comment