ਸ਼੍ਰੋਮਣੀ ਅਕਾਲੀ ਦਲ ਨੇ ਹਿਮਾਚਲ ਪ੍ਰਦੇਸ਼ ਬਾਰੇ ਕਿਤਾਬ ’ਚ ਗੁੱਜਰ ਭਾਈਚਾਰੇ ਦੀਆਂ ਮਹਿਲਾਵਾਂ ਪ੍ਰਤੀ ਅਪਮਾਨਜਨਕ ਟਿੱਪਣੀਆਂ ਦਾ ਗੰਭੀਰ ਨੋਟਿਸ ਲਿਆ

TeamGlobalPunjab
2 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਮੀਆਂ ਗੋਵਰਧਨ ਸਿੰਘ ਵੱਲੋਂ ਲਿਖੀ ਤੇ ਡਾ. ਚਮਨ ਲਾਲ ਗੁਪਤਾ ਵੱਲੋਂ ਅਨੁਵਾਦਤ ਪੁਸਤਕ ‘ਹਿਮਾਚਲ ਪ੍ਰਦੇਸ਼ : ਇਤਿਹਾਸ, ਸਭਿਆਚਾਰ ਤੇ ਆਰਥਿਕ ਹਾਲਾਤ’ ਵਿਚ ਗੁੱਜਰ ਮਹਿਲਾਵਾਂ ਬਾਰੇ ਬੇਹੱਦ ਇਤਰਾਜ਼ਯੋਗ ਤੇ ਅਪਮਾਨਜਨਕ ਟਿੱਪਣੀਆਂ ਕਰਨ ਦਾ ਗੰਭੀਰ ਨੋਟਿਸ ਲਿਆ ਹੈ ਤੇ ਮੰਗ ਕੀਤੀ ਹੈ ਕਿ ਲੇਖਕ ਤੇ ਅਨੁਵਾਦਕ ਦੇ ਖਿਲਾਫ ਕੇਸ ਦਰਜ ਕਰ ਕੇ ਦੋਵਾਂ ਨੁੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹਨਾਂ ਨੇ ਗੁੱਜਰ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੁਸਤਕ ਵਿਚ ਗੁੱਜਰ ਮਹਿਲਾਵਾਂ ਬਾਰੇ ਹੈਰਾਨ ਕਰਨ ਵਾਲੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ। ਉਹਨਾ ਕਿਹਾ ਕਿ ਇਹਨਾਂ ਅਪਮਾਨਜਨਕ ਟਿੱਪਣੀਆਂ ਨੇ ਅਮਨ ਪਸੰਦ ਲੋਕਾਂ ਖਾਸ ਤੌਰ ’ਤੇ ਗੁੱਜਰ ਭਾਈਚਾਰੇ ਦੇ ਮੈਂਬਰਾਂ ਨੁੰ ਡੂੰਘੀ ਸੱਟ ਮਾਰੀ ਹੈ। ਉਹਨਾਂ ਕਿਹਾ ਕਿ ਉਹ ਇਹ ਵੇਖ ਕੇ ਹੈਰਾਨ ਹਨ ਕਿ ਇਕ ਲੇਖਕ ਮਹਿਲਾਵਾਂ ਬਾਰੇ ਇਸ ਤਰੀਕੇ ਕਿਵੇਂ ਲਿਖ ਸਕਦਾ ਹੈ ਜਦੋਂ ਕਿ ਦੁਨੀਆਂ ਭਰ ਵਿਚ ਮਹਿਲਾਵਾਂ ਦੀ ਕੰਮਕਾਜ ਵਿਚ ਬਰਾਬਰ ਦੀ ਹਿੱਸੇਦਾਰੀ ’ਤੇ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਮਹਿਲਾਵਾਂ ਕਈ ਮੁਲਕਾਂ, ਕੰਪਨੀਆਂ, ਐਨ ਜੀ ਓਜ਼ ਤੇ ਇਥੇ ਤੱਕ ਕੇ ਸਿਆਸੀ ਪਾਰਟੀਆਂ ਦੀ ਅਗਵਾਈ ਕਰ ਰਹੀਆਂ ਹਨ ਤੇ ਇਹਨਾਂ ਟਿੱਪਣੀਆਂ ਨੇ ਹਰ ਕਿਸੇ ਨੁੰ ਹੈਰਾਨ ਪਰੇਸ਼ਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹਨਾਂ ਟਿੱਪਣੀਆਂ ਨੇ ਮਨੁੱਖਤਾ ਨੁੰ ਸ਼ਰਮਸਾਰ ਕੀਤਾ ਹੈ ਤੇ ਕੋਈ ਵੀ ਸਹੀ ਸੋਚ ਵਾਲਾ ਵਿਅਕਤੀ ਮਹਿਲਾਵਾਂ ਦੇ ਖਿਲਾਫ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਨਹੀਂ ਕਰ ਸਕਦਾ ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਭਾਈਚਾਰੇ ਦੀਆਂ ਮਹਿਲਾਵਾਂ ਕਿਉਂ ਨਾ ਹੋਣ।

ਡਾ. ਚੀਮਾ ਨੇ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਮੁੱਖ ਮੰਤਰੀ ਨੁੰ ਅਪੀਲ ਕੀਤੀ ਕਿ ਉਹ ਇਸ ਕਿਤਾਬ ਦੇ ਲੇਖਕ ਤੇ ਅਨੁਵਾਦਕ ਦੇ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰਨ ਕਿਉਂਕਿ ਇਸ ਨਾਲ ਗੁੱਜਰ ਭਾਈਚਾਰੇ ਦੀਆਂ ਮਹਿਲਾਵਾਂ ਦੇ ਮਾਣ ਸਨਮਾਨ ਨੂੰ ਡੂੰਘੀ ਸੱਟ ਵੱਜੀ ਹੈ।

Share This Article
Leave a Comment