ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ‘ਚ ਬਿਜਲੀ, ਤੇਲ ਦੀਆਂ ਕੀਮਤਾਂ ਤੇ ਪ੍ਰਾਪਰਟੀ ਟੈਕਸ `ਚ ਵਾਧੇ ਦਾ ਵਿਰੋਧ ਕੀਤਾ

TeamGlobalPunjab
3 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਲਗਾਤਾਰ ਵਧਾਈ ਜਾ ਰਹੀਆਂ ਬਿਜਲੀ, ਅਤੇ ਤੇਲ ਦੀਆਂ ਕੀਮਤਾਂ ਅਤੇ ਹਾਲ ਹੀ ਵਿੱਚ ਪ੍ਰਾਪਰਟੀ ਟੈਕਸ ਵਿੱਚ ਕੀਤੇ ਗਏ ਵਾਧੇ ਦਾ ਵਿਰੋਧ ਕੀਤਾ ਹੈ।ਇਥੇ ਜਾਰੀ ਇੱਕ ਬਿਆਨ ਵਿੱਚ ਪਾਰਟੀ ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਬਿਜਲੀ ਦੀਆਂ ਕੀਮਤਾਂ ਘੱਟ ਕਰਨ ਅਤੇ ਟੈਕਸ ਦਾ ਵਾਧੂ ਬੋਝ ਲੋਕਾਂ `ਤੇ ਨਾ ਪਾਉਣ ਵਰਗੇ ਅਨੇਕਾਂ ਵਾਅਦੇ ਕੀਤੇ ਸਨ।ਪਰ ਚੋਣਾਂ ਜਿੱਤਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਇਹ ਸਾਰੇ ਵਾਅਦੇ ਭੁਲ ਗਏ। ਉਨ੍ਹਾ ਕਿਹਾ ਕਿ ਕੈਪਟਨ ਸਰਕਾਰ ਦੇ ਆਖਰੀ ਬਜਟ ਸੈਸ਼ਨ ਵਿੱਚ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਉਹ ਇਸ ਵਿੱਤੀ ਸਾਲ ਵਿੱਚ ਕੋਈ ਵੀ ਨਵਾਂ ਟੈਕਸ ਨਹੀ ਲਗਾਵੇਗੀ। ਪਰ ਬਜਟ ਸੈਸ਼ਨ ਦੇ ਇੱਕ ਮਹੀਨੇ ਬਾਅਦ ਹੀ ਸੂਬੇ ਵਿੱਚ ਲੁਕਮੇ ਟੈਕਸ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਪ੍ਰਾਪਰਟੀ ਟੈਕਸ ਵਿੱਚ 5 ਫੀਸਦੀ ਦਾ ਵਾਧਾ ਕਰਕੇ ਕਾਂਗਰਸ ਸਰਕਾਰ ਨੇ ਇਸਦੀ ਸ਼ੁਰੂਆਤ ਕਰ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਅਤੇ ਕੋਰੋਨਾ ਸੰਕਟ ਵਿੱਚ ਲੋਕਾਂ ਨੂੰ ਰਾਹਤ ਦੇਣ ਦੇ ਬਜਾਏ ਪ੍ਰਾਪਰਟੀ ਟੈਕਸ ਵਿੱਚ ਵੀ 5 ਫੀਸਦੀ ਦਾ ਵਾਧਾ ਕਰ ਦਿੱਤਾ ਗਿਆ ਹੈ। ਜਿਸ ਨਾਲ ਅੱਜ ਮਹਿੰਗਾਈ ਦੇ ਇਸ ਦੌਰ ਵਿੱਚ ਦਿਨੋਂ ਦਿਨ ਵਧਦੀ ਬਿਜਲੀ ਦੀਆਂ ਕੀਮਤਾਂ ਅਤੇ ਟੈਕਸ ਦੇ ਬੋਝ ਨੇ ਲੋਕਾਂ ਦਾ ਜਿਉਣਾ ਹੋਰ ਦੁਭਰ ਕਰ ਦਿੱਤਾ ਹੈ।ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਪੰਜਾਬ ਦੇਸ਼ ਵਿੱਚ ਸਭ ਤੋਂ ਸਸਤੀ ਬਿਜਲੀ ਖਰੀਦਣ ਵਾਲੇ ਰਾਜਾਂ ਦੀ ਸੂਚੀ ਵਿੱਚ ਸ਼ਾਮਿਲ ਹੈ।ਪਰ ਇਸਦੇ ਬਾਵਜੂਦ ਇਥੇ ਬਿਜਲੀ ਦੇਸ਼ ਦੇ ਕਈ ਹੋਰ ਰਾਜਾਂ ਤੋਂ ਮਹਿੰਗੀ ਹੈ।ਉਨ੍ਹਾ ਕਿਹਾ ਅੱਜ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬੇ ਦੇ ਲੋਕ ਮਹਿੰਗੀ ਬਿਜਲੀ ਖਰੀਦਣ ਅਤੇ ਪ੍ਰਾਪਰਟੀ ਟੈਕਸ ਭਰਨ ਲਈ ਮਜਬੂਰ ਹੋ ਰਹੇ ਹਨ। ਢੀਂਡਸਾ ਨੇ ਸੂਬੇ ਵਿੱਚ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਵੀ ਵਿਰੋਧ ਕੀਤਾ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੇ ਕਈਂ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਦੀ ਥਾਂ ਕੁਝ ਘਟਾਈਆਂ ਗਈਆਂ ਹਨ ਪਰ ਪੰਜਾਬ `ਚ ਪੈਟਰੋਲ-ਡੀਜ਼ਲ `ਤੇ ਕਰ ਵਧਣ ਨਾਲ ਇਹ ਮਹਿੰਗਾ ਹੋ ਗਿਆ ਹੈ। ਢੀਂਡਸਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀ ਤਰਾਂ ਕਾਂਗਰਸ ਸਰਕਾਰ ਵੀ ਲੋਕਾਂ ਨੂੰ ਲੁੱਟ ਕੇ ਆਪਣੀਆਂ ਤਿਜੌਰੀਆਂ ਭਰਨ ਵਿੱਚ ਲੱਗੀ ਹੋਈ ਹੈ ਅਤੇ ਆਪਣੇ ਨਿਜੀ ਹਿੱਤਾਂ ਨੂੰ ਰੱਖਦੇ ਹੋਏ ਪ੍ਰਾਇਵੇਟ ਕੰਪਨੀਆਂ ਨਾਲ ਮਹਿੰਗੇ-ਮਹਿੰਗੇ ਸਮਝੋਤੇ ਕਰ ਰਹੀ ਹੈ।ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਆਉਣ ਵਾਲੇ ਸਮੇਂ ਵਿੱਚ ਪ੍ਰਾਪਰਟੀ ਟੈਕਸ, ਬਿਜਲੀ ਅਤੇ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਲੈਕੇ ਸਮੁੱਚੇ ਪੰਜਾਬ ਵਿੱਚ ਇੱਕ ਲਹਿਰ ਖੜ੍ਹੀ ਕਰੇਗਾ। ਜਿਸ ਨਾਲ ਕੈਪਟਨ ਸਰਕਾਰ ਨੂੰ ਉਪਰੋਕਤ ਵਧੀਆਂ ਕੀਮਤਾਂ ਵਾਪਿਸ ਲੈਣ ਲਈ ਮਜਬੂਰ ਕੀਤਾ ਜਾਵੇਗਾ।ਉਨ੍ਹਾ ਕਿਹਾ ਕਿ ਸੂਬੇ ਵਿੱਚ ਕਈਂ ਘਰਾਂ ਵਿੱਚ ਖਪਤ ਤੋਂ ਬਹੁਤ ਜਿਆਦਾ ਬਿਜਲੀ ਦੇ ਬਿੱਲ ਭੇਜੇ ਜਾ ਰਹੇ ਹਨ। ਢੀਂਡਸਾ ਨੇ ਪੰਜਾਬ ਦੇ ਲੋਕਾਂ ਨੂੰ ਭੇਜੇ ਜਾ ਰਹੇ ਗਲਤ ਅਤੇ ਫਰਜੀ ਬਿੱਲਾਂ ਨੂੰ ਤੁਰੰਤ ਮੁਆਫ਼ ਕਰਨ ਦੀ ਮੰਗ ਕੀਤੀ ਹੈ।

Share this Article
Leave a comment