ਇਕ ਘੰਟੇ ਦਾ ਇਜਲਾਸ ਸੂਬੇ ’ਚ ਲੋਕਤੰਤਰ ਲਈ ਕਾਲਾ ਦਿਨ : ਅਕਾਲੀ ਦਲ

TeamGlobalPunjab
6 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿਧਾਨ ਸਭਾ ਦੇ ਇਕ ਘੰਟੇ ਦੇ ਇਜਲਾਸ ਨੂੰ ਸੂਬੇ ਵਿਚ ਲੋਕਤੰਤਰ ਲਈ ਕਾਲਾ ਦਿਨ ਕਰਾਰ ਦਿੱਤਾ ਤੇ ਮੁੱਖ ਮੰਤਰੀ ’ਤੇ ਸੂਬੇ ਦੇ ਭਖਦੇ ਮਸਲਿਆਂ ’ਤੇ ਚਰਚਾ ਤੋਂ ਭੱਜਣ ਅਤੇ ਲੋਕਾਂ ਨੂੰ ਮੂਰਖ ਬਣਾਉਣ ਲਈ ਕੋਰੇ ਝੂਠ ਬੋਲਣ ਅਤੇ ਫਿਰ ਧੋਖਾ ਦੇਣ ਦਾ ਦੋਸ਼ ਲਾਇਆ।

ਮੁੱਖ ਮੰਤਰੀ ਦੇ ਵਤੀਰੇ ਨੂੰ ਸ਼ਰਮਨਾਕ ਅਤੇ ਉਹਨਾਂ ਦੇ ਅਹੁਦੇ ਅਨੁਸਾਰ ਕੋਝਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਵਿਧਾਨ ਸਭਾ ’ਚ ਇਹ ਝੂਠ ਬੋਲਿਆ ਕਿ ਸ਼੍ਰੋਮਣੀ ਅਕਾਲੀ ਦਲ ਇਜਲਾਸ ਵਿਚ ਨਹੀਂ ਆਇਆ ਜਦਕਿ ਉਹਨਾਂ ਦੀ ਸਰਕਾਰ ਨੇ ਵਿਰੋਧੀ ਧਿਰ ਨੂੰ ਵਿਧਾਨ ਸਭਾ ਵਿਚੋਂ ਬਾਹਰ ਰੱਖਿਆ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਤਾਂ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਣ ਲਈ ਮਸ਼ਹੂਰ ਹਨ ਤੇ ਅੱਜ ਵੀ ਉਹਨਾਂ ਨੇ ਕੋਰੇ ਝੂਠ ਬੋਲੇ ਤੇ ਇਹ ਤੱਥ ਛੁਪਾਇਆ ਕਿ ਕਿ ਮੁੱਖ ਮੰਤਰੀ ਨੇ ਖੁਦ ਵਿਰੋਧੀ ਦੇ ਵਿਧਾਇਕਾਂ ਨੂੰ ਆਖਿਆ ਸੀ ਕਿ ਜੋ ਕੋਰੋਨਾ ਪਾਜ਼ੀਟਿਵ ਸਾਥੀਆਂ ਦੇ ਸੰਪਰਕ ਵਿਚ ਆਏ ਹਨ, ਉਹ ਵਿਧਾਨ ਸਭਾ ਵਿਚ ਨਾ ਆਉਣ। ਉਹਨਾਂ ਕਿਹਾ ਕਿ ਸਪੀਕਰ ਨੇ ਵੀ ਇਸ ਬਾਬਤ ਚਿੱਠੀ ਜਾਰੀ ਕੀਤੀ ਸੀ ਜੋ ਰਿਕਾਰਡ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਜਿਥੇ ਸ਼੍ਰੋਮਣੀ ਅਕਾਲੀ ਜ਼ਿੰਮੇਵਾਰੀ ਨਾਲ ਪੇਸ਼ ਆਇਆ ਹੈ, ਉਥੇ ਹੀ ਆਪ ਤੇ ਕਾਂਗਰਸ ਦੇ ਵਿਧਾਇਕਾਂ ਸਮੇਤ ਹੋਰਨਾਂ ਨੇ ਜ਼ਿੰਮੇਵਾਰੀ ਨਹੀਂ ਵਿਖਾਈ ਤੇ ਇਕ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਇਜਲਾਸ ਵਿਚ ਹਾਜ਼ਰ ਸਨ ਜਦਕਿ ਉਹ ਪਾਜ਼ੇਟਿਵ ਆ ਗਏ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਅਕਾਲੀ ਦਲ ਦੇ ਵਿਧਾਇਕਾਂ ਦੇ ਘਰ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਤਾਂ ਜੋ ਉਹਨਾਂ ਨੂੰ ਇਜਲਾਸ ਵਿਚ ਸ਼ਾਮਲ ਹੋਣ ਲਈ ਘਰ ਤੋਂ ਬਾਹਰ ਨਾ ਨਿਕਲਣ ਦਿੱਤਾ ਜਾਵੇ। ਉਹਨਾਂ ਕਿਹਾ ਕਿ ਇਹ ਕਾਰਵਾਈਆਂ ਕਾਂਗਰਸ ਸਰਕਾਰ ਦੇ ਇਰਾਦਿਆਂ ਬਾਰੇ ਆਪ ਬੋਲਦੀਆਂ ਹਨ ਤੇ ਮੁੱਖ ਮੰਤਰੀ ਅਕਾਲੀ ਦਲ ਵਿਧਾਇਕਾਂ ਵੱਲੋਂ ਜ਼ਿੰਮੇਵਾਰੀ ਨਾਲ ਪੇਸ਼ ਆਉਣ ਦੀ ਸ਼ਲਾਘਾ ਕਰਨ ਦੀ ਥਾਂ ਜਾਣ ਬੁੱਝ ਕੇ ਵਿਧਾਇਕਾਂ ਨੂੰ ਬਦਨਾਮ ਕਰਨ’ਤੇ ਤੁਲੇ ਹਨ।

ਅਕਾਲੀ ਆਗੂ ਨੇ ਕਿਹਾ ਕਿ ਧਿਆਨ ਵੰਡਾਊ ਜੁਗਤਾਂ ਲਾਉਣ ਨਾਲੋਂ ਤੇ ਖੇਤੀਬਾੜੀ ’ਤੇ ਕੇਂਦਰੀ ਆਰਡੀਨੈਂਸਾਂ ਵਰਗੇ ਅਹਿਮ ਮੁੱਦਿਆਂ ’ਤੇ ਸਿਰਫ 30 ਮਿੰਟ ਦਾ ਇਜਲਾਸ ਕਰਕੇ ਸਿਰਫ ਸਿਆਸਤ ਕਰਨ ਦੇ ਇਰਾਦੇ ਨਾਲ ਕਰਨ ਦੀ ਥਾਂ ਮੁੱਖ ਮੰਤਰੀ ਨੂੰ ਵਿਰੋਧੀ ਧਿਰ ਨੂੰ ਇਸ ਅਹਿਮ ਮਸਲੇ ’ਤੇ ਚਰਚਾ ਲਈ ਸਮਾਂ ਦੇਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਤੇ ਫਿਰ ਵਾਪਰੀ ਜ਼ਹਿਰੀਲੀ ਸ਼ਰਾਬ ਤ੍ਰਾਸਦੀ, ਰੇਤੀ ਮਾਫੀਆ ਦੀ ਲੁੱਟ, ਮਨਰੇਗਾ ਫੰਡਾਂ ਦੇ ਘੁਟਾਲੇ, ਐਸ ਸੀ ਵਿਦਿਆਰਥੀਆਂ ਲਈ ਆਏ 69 ਕਰੋੜ ਰੁਪਏ ਦੇ ਕੇਂਦਰੀ ਫੰਡਾਂ ਦੀ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਲੁੱਟ, ਡਾਕਟਰਾਂ ਤੇ ਸਿਹਤ ਵਰਕਰਾਂ ਨੂੰ ਸਮੇਂ ਸਿਰ ਤਨਖਾਹਾਂ ਦੇਣ ਦੇ ਮਾਮਲੇ, ਸਰਕਾਰੀ ਮੁਲਾਜ਼ਮਾਂ ਨਾਲ ਵਿਤਕਰਾ ਦੂਰ ਕਰਨ ਅਤੇ ਪ੍ਰਾਈਵੇਟ ਸਕੂਲੀ ਵਿਦਿਆਰਥੀਆਂ ਲਈ ਰਾਹਤ ਯਕੀਨੀ ਬਣਾਉਣ ਵਰਗੇ ਮੁੱਦਿਆਂ ’ਤੇ ਚਰਚਾ ਲਈ ਕੋਈ ਸਮਾਂ ਨਹੀਂ ਰੱਖਿਆ ਗਿਆ।

- Advertisement -

ਅਕਾਲੀ ਆਗੂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਸਚਮੁੱਚ ਖੇਤੀਬਾੜੀ ਬਾਰੇ ਕੇਂਦਰੀ ਆਰਡੀਨੈਂਸਾਂ ’ਤੇ ਚਰਚਾ ਲਈ ਗੰਭੀਰ ਹਨ ਤਾਂ ਫਿਰ ਉਹਨਾਂ ਨੂੰ ਪਹਿਲਾਂ ਆਪਣੀ ਪਾਰਟੀ ਦੀ ਚੋਣ ਮਨੋਰਥ ਪੱਤਰ ਕਮੇਟੀ ਦੇ ਚੇਅਰਮੈਨ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ ਜਿਸਨੇ ਵਾਅਦਾ ਕੀਤਾ ਸੀ ਕਿ ਉਹ ਏ ਪੀ ਐਮ ਸੀ ਐਕਟ ਵਿਚ ਸੋਧ ਕਰ ਕੇ ਪੰਜਾਬ ਵਿਚ ਪ੍ਰਾਈਵੇਟ ਮੰਡੀਆਂ ਦੀ ਸਥਾਪਨਾ ਕਰਨਗੇ। ਇਸਨੂੰ 2017 ਵਿਚ ਏ ਪੀ ਐਮ ਸੀ ਐਕਟ ਵਿਚ ਕੀਤੀਆਂ ਉਹ ਸੋਧਾਂ ਵੀ ਖਤਮ ਕਰ ਦੇਣੀਆਂ ਚਾਹੀਦੀਆਂ ਹਨ ਜਿਹਨਾਂ ਵਿਚ ਕਿਹਾ ਗਿਆ ਸੀ ਕਿ ਪ੍ਰਾਈਵੇਟ ਮੰਡੀਆਂ ਦੀ ਸਿਰਜਣਾ ਕੀਤੀ ਜਾਵੇਗੀ, ਈ ਟੈਂਡਰਿੰਗ ਹੋਵੇਗੀ ਅਤੇ ਜਿਣਸਾਂ ਦਾ ਸਿੱਧਾ ਮੰਡੀਕਰਣ ਹੋਵੇਗਾ। ਇਸਨੂੰ ਮੋਨੇਟਕ ਸਿੰਘ ਆਹਲੂਵਾਲੀਆ ਕਮੇਟੀ ਨੂੰ ਵੀ ਖਤਮ ਕਰ ਦੇਣਾ ਚਾਹੀਦਾ ਹੈ ਜਿਸਨੇ ਸਰਕਾਰ ਵੱਲੋਂ ਏ ਪੀ ਐਮ ਸੀ ਐਕਟ ਵਿਚ ਕੀਤੀ ਸੋਧ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਅਸਲ ਵਿਚ ਇਸ ਸਭ ਨੇ ਸਪਸ਼ਟ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਕੇਂਦਰੀ ਆਰਡੀਨੈਂਸਾਂ ’ਤੇ ਦੋਗਲੀ ਬੋਲੀ ਬੋਲ ਰਹੇ ਸਨ।

ਉਹਨਾਂ ਕਿਹਾ ਕਿ ਅਕਾਲੀ ਦਲ ਦੇ ਵਿਧਾਇਕਾਂ ਨੇ ਆਪਣੀ ਅੰਤਰ ਆਤਮਾ ਦੀ ਆਵਾਜ਼ ’ਤੇ ਜ਼ਿੰਮੇਵਾਰ ਜਨਤਕ ਪ੍ਰਤੀਨਿਧਾਂ ਵਾਂਗ ਸਲੂਕ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਅਗਲੇ ਮਹੀਨੇ ਵਿਧਾਨ ਸਭਾ ਦਾ ਇਜਲਾਸ ਮੁੜ ਸੱਦਦਾ ਚਾਹੀਦਾ ਹੈ ਤਾਂ ਕਿ ਜੋ ਇਹ ਸਾਰੇ ਭਖਦੇ ਮਸਲੇ ਵਿਚਾਰੇ ਜਾ ਸਕਣ। ਉਹਨਾਂ ਕਿਹਾ ਕਿ ਵਿਧਾਨ ਸਭਾ ਦੇ ਮੌਜੂਦਾ ਇਜਲਾਸ ਦੀ ਕੋਈ ਤੁੱਕ ਨਹੀਂ ਰਹਿ ਜਾਂਦੀ ਕਿਉਂਕਿ ਇਸ ਵਿਚ 50 ਫੀਸਦੀ ਤੋਂ ਵੀ ਘੱਟ ਹਾਜ਼ਰੀ ਸੀ। ਉਹਨਾਂ ਕਿਹਾ ਕਿ ਆਮ ਪ੍ਰਕਿਰਿਆ ਨਹੀਂ ਅਪਣਾਈ ਗਈ ਤੇ ਸਿਫਰ ਕਾਲ ਤੇ ਧਿਆਨ ਦੁਆਊ ਮਤੇ ਖਾਰਜ ਕਰ ਦਿੱਤੇ ਗਏ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੱਚਮੁੱਚ ਲੋਕਾਂ ਦੇ ਮਸਲਿਆਂ ’ਤੇ ਚਰਚਾ ਚਾਹੁੰਦੇ ਹਨ ਤਾਂ ਫਿਰ ਉਹਨਾਂ ਨੂੰ ਅਗਲੇ ਮਹੀਨੇ ਵਿਧਾਨ ਸਭਾ ਦਾ ਇਜਲਾਸ ਮੁੜ ਸੱਦਣਾ ਚਾਹੀਦਾਹ ੈ ਨਹੀਂ ਤਾਂ ਹਿਹ ਮੰਨਿਆ ਜਾਵੇਗਾ ਕਿ ਸਰਕਾਰ ਨੇ ਕੋਰੋਨਾ ਮਹਾਮਾਰੀ ਦਾ ਬਹਾਨਾ ਵਰਤ ਕੇ ਲੋਕਾਂ ਦੇ ਪ੍ਰਤੀਨਿਧਾਂ ਨੂੰ ਲੋਕਤੰਤਰ ਦੇ ਮੰਦਿਰ ਵਿਚ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦਾ ਮੌਕਾ ਦੇਣ ਤੋਂ ਰੋਕ ਦਿੱਤਾ ਹੈ।

Share this Article
Leave a comment