ਕੇਂਦਰ ਤੇ ਪੰਜਾਬ ਮੌਜੂਦਾ ਗਤੀਰੋਧ ਨੂੰ ਛੇਤੀ ਤੋਂ ਛੇਤੀ ਹੱਲ ਕਰਨ: ਅਕਾਲੀ ਦਲ ਕੋਰ ਕਮੇਟੀ

TeamGlobalPunjab
5 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਸਾਨਾਂ ਤੇ ਵਪਾਰ ਅਤੇ ਉਦਯੋਗ ਸਮੇਤ ਪੰਜਾਬੀਆਂ ਨੂੰ ਹੋਏ ਆਰਥਿਕ ਨੁਕਸਾਨ ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਪਾਰਟੀ ਨੇ ਕੇਂਦਰ ਤੇ ਰਾਜ ਸਰਕਾਰ ਨੂੰ ਗੱਲਬਾਤ ਕਰ ਕੇ ਇਸ ਸੰਕਟ ਦਾ ਛੇਤੀ ਤੋਂ ਛੇਤੀ ਹੱਲ ਕੱਢਣ ਲਈ ਵੀ ਆਖਿਆ।
ਇਸ ਬਾਬਤ ਫੈਸਲਾ ਅੱਜ ਪਾਰਟੀ ਦੀ ਕੋਰ ਕਮੇਟੀ ਦੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ।

ਕੋਰ ਕਮੇਟੀ ਨੇ ਕਿਹਾ ਕਿ ਪੰਜਾਬ ਤਾਂ ਪਹਿਲਾਂ ਹੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਪੰਜਾਬ ਦੀ ਕਾਂਗਰਸ ਸਰਕਾਰ ਵਿਚਾਲੇ ਚਲ ਰਹੇ ਦੋਸਤਾਨਾ ਮੈਚ ਕਾਰਨ ਭਾਰੀ ਕੀਮਤ ਅਦਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਲੋੜੀਂਦੀ ਖਾਦ ਨਹੀਂ ਮਿਲ ਰਹੀ ਜਦਕਿ ਵਪਾਰ ਤੇ ਉਦਯੋਗ ਨੂੰ ਰੋਜ਼ਾਨਾ ਆਧਾਰ ‘ਤੇ ਕਰੋੜਾਂ ਰੁਪਏ ਦਾ ਘਾਟਾ ਝੱਲਣਾ ਪੈ ਰਿਹਾ ਹੈ ਕਿਉਂਕਿ ਕੇਂਦਰ ਨੇ ਜਾਣ ਬੁੱਝ ਕੇ ਸੂਬੇ ਲਈ ਆਰਥਿਕ ਖੜੋਤ ਲਾਗੂ ਕੀਤੀ ਹੋਈ ਹੈ। ਪਾਰਟੀ ਨੇ ਇਹ ਵੀ ਕਿਹਾ ਕਿ ਆਰਕਿ ਖੜੋਤ ਕਾਰਨ ਸੂਬੇ ਵਿਚ ਸਮਾਜਿਕ ਬੇਚੈਨੀ ਫੈਲਣ ਤੇ ਅਮਨ ਤੇ ਸ਼ਾਂਤੀ ਭੰਗ ਹੋਣ ਦਾ ਵੀ ਖ਼ਤਰਾ ਹੈ।

ਕਮੇਟੀ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਗਲੀ ਖੇਡ ਖੇਡ ਰਹੇ ਹਨ ਅਤੇ ਉਹਨਾਂ ਨੇ ਸਾਜਿਸ਼ ਅਧੀਨ ਕਿਸਾਨਾਂ ਦਾ ਵਪਾਰ ਤੇ ਉਦਯੋਗ ਨਾਲ ਟਕਰਾਅ ਪੈਦਾ ਕੀਤਾ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਾ ਹੈ ਕਿ ਮੁੱਖ ਮੰਤਰੀ ਜਾਣ ਬੁੱਝ ਕੇ ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੁੰਦੇ ਜਿਸ ਨਾਲ ਮੌਜੂਦਾ ਗਤੀਰੋਧ ਖਤਮ ਹੋਵੇ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਜਿੰਨਾ ਚਿਰ ਇਹ ਮਾਮਲਾ ਲਟਕਦਾ ਰਹੇਗਾ, ਉਨਾ ਹੀ ਉਹਨਾਂ ਦੀ ਸਰਕਾਰ ਦੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰੇਗਾ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਦਿੱਲੀ ਜਾ ਕੇ ਇਕ ਘੰਟੇ ਦਾ ਧਰਨਾ ਦੇਣ ਦਾ ਡਰਾਮਾ ਤਾਂ ਕੀਤਾ ਹੈ ਪਰ ਉਹਨਾਂ ਨੇ ਰੇਲ ਮੰਤਰੀ ਜਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਪੰਜਾਬ ਲਈ ਰੇਲ ਸੇਵਾਵਾਂ ਬਹਾਲ ਕਰਾਉਣ ਵਿਚ ਦਿਲਚਸਪੀ ਨਹੀਂ ਵਿਖਾਈ। ਉਹਨਾਂ ਕਿਹਾ ਕਿ ਹੁਣ ਵੀ ਉਹ ਕੇਂਦਰ ਨਾਲ ਕੋਈ ਗੱਲਬਾਤ ਨਹੀਂ ਕਰ ਰਹੇ ਅਤੇ ਉਹਨਾਂ ਨੇ ਪੰਜਾਬੀਆਂ ਨੂੰ ਉਹਨਾਂ ਦੇ ਆਪਣੇ ਹਾਲਾਤ ‘ਤੇ ਛੱਡ ਦਿੱਤਾ ਹੈ। ਉਹਨਾਂ ਕਿਹਾ ਕਿ ਅਜਿਹਾ ਵਿਵਹਾਰ ਪੰਜਾਬ ਵਿਚ ਉਦਯੋਗ ਖੇਤਰ ਲਈ ਬਹੁਤ ਨੁਕਸਾਨਦੇਹ ਹੈ ਕਿਉਂਕਿ ਪੰਜਾਬ ਵਿਚ ਤਾਂ ਪਹਿਲਾਂ ਹੀ ਉਦਯੋਗਾਂ ਨੂੰ ਕੱਚਾ ਮਾਲ ਨਾ ਮਿਲਣ ਅਤੇ ਤਿਆਰ ਮਾਲ ਸਪਲਾਈ ਨਾ ਹੋਣ ਕਾਰਨ ਵੱਡਾ ਘਾਟਾ ਝੱਲਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅਸੀ. ਚਾਹੁੰਦੇ ਹਾਂ ਕਿ ਵਪਾਰ ਤੇ ਉਦਯੋਗ ਦੇ ਸਾਰੇ ਮਸਲੇ ਛੇਤੀ ਤੋਂ ਛੇਤੀ ਹੱਲ ਹੋਣ ਤੇ ਉਹਨਾਂ ਲਈ ਜੀ ਐਸ ਟੀ ਦਾ ਬਕਾਇਆ ਵੀ ਤੁਰੰਤ ਅਦਾ ਹੋਵੇ ਤੇ ਬਿਜਲੀ ਦਰਾਂ ਵਿਚ ਕਟੌਤੀ ਕੀਤੀ ਜਾਵੇ ਤਾਂ ਜੋ ਸੂਬੇ ਵਿਚੋਂ ਸਰਮਾਇਆ ਬਾਹਰ ਨਾ ਜਾਵੇ।

- Advertisement -

ਕੈਪਟਨ ਅਮਰਿੰਦਰ ਸਿੰਘ ਨੂੰ ਅੱਗ ਨਾਲ ਨਾ ਖੇਡਣ ਦੀ ਸਲਾਹ ਦਿੰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਵੀ ਦਸਮ ਪਿਤਾ ਦੇ ਨਾਂ ‘ਤੇ ਝੂਠੀ ਸਹੁੰ ਚੁੱਕ ਕੇ ਪੰਜਾਬੀਆਂ ਨੁੰ ਧੋਖਾ ਦਿੱਤਾ ਸੀ। ਉਹਨਾਂ ਕਿਹਾ ਕਿ ਜਿਵੇਂ ਮੁੱਖ ਮੰਤਰੀ ਨੇ ਪਹਿਲਾਂ ਦਰਿਆਈ ਪਾਣੀ ਸਮਝੌਤੇ ਰੱਦ ਕਰ ਕੇ ਹਰਿਆਣਾ ਤੇ ਰਾਜਸਥਾਨ ਦਾ ਫਾਇਦਾ ਕੀਤਾ ਕਿਉਂਕਿ ਇਸ ਨਾਲ ਦੋਵਾਂ ਰਾਜਾਂ ਨੂੰ ਯਕੀਨੀ ਪਾਣੀ ਮਿਲਣਾ ਤੈਅ ਹੋ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਕੇਂਦਰੀ ਖੇਤੀਬਾੜੀ ਐਕਟਾਂ ਵਿਚ ਸੋਧ ਕਰ ਕੇ ਉਹਨਾਂ ਨੂੰ ਪ੍ਰਵਾਨ ਕਰ ਲਿਆ । ਉਹਨਾਂ ਕਿਹਾ ਕਿ ਇਸ ਸਭ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਕੇਂਦਰ ਦੇ ਇਸ਼ਾਰਿਆਂ ਮੁਤਾਬਕ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸੇ ਕਾਰਨ ਰਾਜ ਸਰਕਾਰ ਨੇ ਸਾਰੇ ਸੂਬੇ ਨੂੰ ਇਕ ਮੰਡੀ ਬਣਾਉਣ ਦਾ ਬਿੱਲ ਪਾਸ ਨਹੀਂ ਕੀਤਾ ਜਿਸ ਕਾਰਨ ਪੰਜਾਬ ਵਿਚ ਕੇਂਦਰੀ ਖੇਤੀਬਾੜੀ ਐਕਟ ਲਾਗੂ ਹੀ ਨਹੀਂ ਹੋ ਸਕਦੇ ਸੀ।

ਕੋਰ ਕਮੇਟੀ ਨੇ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਦੀ ਧਰਮ ਪਤਨੀ ਸਰਦਾਰਨੀ ਮਹਿੰਦਰ ਕੌਰ ਦੇ ਅਕਾਲ ਚਲਾਣੇ ‘ਤੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ।

ਕੋਰ ਕਮੇਟੀ ਮੀਟਿੰਗ ਵਿਚ ਬਲਵਿੰਦਰ ਸਿੰਘ ਭੂੰਦੜ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਤੋਤਾ ਸਿੰਘ, ਨਿਰਮਲ ਸਿੰਘ ਕਾਹਲੋਂ, ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਉਪਿੰਦਰਜੀਤ ਕੌਰ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ, ਡਾ. ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਰੱਖੜਾ, ਹੀਰਾ ਸਿੰਘ ਗਾਬੜੀਆ ਤੇ ਬਲਦੇਵ ਸਿੰਘ ਮਾਨ ਨੇ ਵੀ ਸ਼ਮੂਲੀਅਤ ਕੀਤੀ।

Share this Article
Leave a comment