ਕੋਰੋਨਾ ਕਾਲ ਵਿਚਾਲੇ ਪੰਜਾਬ ਨੂੰ ਛੱਡ ਕੇ ਕੁਰਸੀਆਂ ਖਾਤਰ ਕਾਂਗਰਸ ਦਾ ਦਿੱਲੀ ਜਾਣਾ ਹੈਰਾਨੀ ਵਾਲੀ ਗੱਲ: ਸੁਖਬੀਰ ਬਾਦਲ

TeamGlobalPunjab
5 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਕਾਲ ਵਿਚ ਵਿਚਾਲੇ ਛੱਡ ਕੇ ਕੁਰਸੀ ਲਈ ਲੜਨ ਵਾਸਤੇ ਦਿੱਲੀ ਪੁੱਜ ਜਾਣ ਦੇ ਤਰੀਕੇ ’ਤੇ ਗੰਭੀਰ ਚਿੰਤਾ ਜ਼ਾਹਰ ਕੀਤੀ।

ਕੱਲ੍ਹ ਦੇਰ ਸ਼ਾਮ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਇਹ ਗੱਲ ਵਿਚਾਰੀ ਗਈ ਕਿ ਕਾਂਗਰਸ ਦੇ ਮੰਤਰੀ ਤੇ ਵਿਧਾਇਕ ਕੋਰੋਨਾ ਨਾਲ ਜੂਝ ਰਹੇ ਲੋਕਾਂ ਦੀਆਂ ਮੁਸ਼ਕਿਲਾਂ ਪ੍ਰਤੀ ਬਿਲਕੁਲ ਹੀ ਬੇਰੁਖ ਹੋ ਗਏ ਹਨ ਤੇ ਕੁਰਸੀ ਦੀ ਦੌੜ ਵਿਚ ਇਕ ਦੂਜੇ ਤੋਂ ਅੱਗੇ ਲੰਘਣ ਦੀ ਲੜਾਈ ਵਿਚ ਲੱਗ ਹਨ। ਕੋਰ ਕਮੇਟੀ ਨੇ ਪੰਜਾਬ ਵਿਚ ਕੋਰੋਨਾ ਨਾਲ ਮੌਤ ਦਰ ਦੇਸ਼ ਵਿਚ ਸਭ ਤੋਂ ਜ਼ਿਆਦਾ ਹੋਣ ਵੇਲੇ ਮੰਤਰੀ ਤੇ ਵਿਧਾਇਕਾਂ ਵੱਲੋਂ ਸਾਰੀਆਂ ਨੈਤਿਕ ਕਦਰਾਂ ਕੀਮਤਾਂ ਛਿੱਕੇ ਟੰਗ ਕੇ ਲਾਲਸਾ ਵਿਖਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਇਹ ਵੀ ਅਸਲੀਅਤ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਇਸ ਸਾਰੀ ਕਾਰਵਾਈ ਨੂੰ ਉਤਸ਼ਾਹਿਤ ਕੀਤਾ ਹੈ ਜਿਸ ਤੋਂ ਗਾਂਧੀ ਪਰਿਵਾਰ ਦੀ ਪੰਜਾਬੀਆਂ ਪ੍ਰਤੀ ਸੋਚ ਦਾ ਪਤਾ ਲੱਗਦਾ ਹੈ।

ਕੋਰ ਕਮੇਟੀ ਜਿਸਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ, ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਾਰੇ ਵਰਤਾਰੇ ਦੀ ਪ੍ਰਧਾਨਗੀ ਕਰਨ ਤੇ ਆਪਣੇ ਆਪ ਨੂੰ ਕੁਰਸੀ ਬਚਾਉਣ ਵਿਚ ਰੁੱਝੇ ਰੱਖਣ ਤੇ ਕੋਰੋਨਾ ਖਿਲਾਫ ਲੜਾਈ ਵਾਸਤੇ ਨਿਗਰਾਨੀ ਵਾਸਤੇ ਬਾਹਰ ਹੀ ਨਾ ਨਿਕਲਣ ਦੀ ਨਿਖੇਧੀ ਕੀਤੀ। ਕਮੇਟੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਿਰਫ ਆਪਣੇ ਬਾਰੇ ਸੋਚ ਰਹੇ ਹਨ ਅਤੇ ਆਪਣੇ ਰਾਜ ਨੂੰ ਬਚਾਉਣਾ ਚਾਹੁੰਦੇ ਹਨ ਅਤੇ ਉਹਨਾਂ ਨੂੰ ਲੋਕਾਂ ਦੀਆਂ ਤਕਲੀਫਾਂ ਦੀ ਬਿਲਕੁਲ ਪਰਵਾਹ ਨਹੀਂ ਹੈ। ਕਮੇਟੀ ਨੇ ਕਿਹਾ ਕਿ ਜਿਸ ਤਰੀਕੇ ਪੰਜਾਬ ਦੇ ਲੋਕਾਂ ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਗਿਆ ਤੇ ਦਵਾਈਆਂ, ਆਕਸੀਜ਼ਨ ਤੇ ਵੈਕਸੀਨ ਡੋਜ਼ ਪ੍ਰਦਾਨ ਨਹੀਂ ਕੀਤੀ ਗਈ, ਇਸ ਵਿਹਾਰ ਦਾ ਕੋਈ ਜਵਾਬ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਇਸ ਸਭ ਦੇ ਕਾਰਨ ਹੀ ਸੂਬੇ ਵਿਚ 14500 ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ ਤੇ ਸੂਬੇ ਵਿਚ ਮੌਤ ਦਰ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਇਸਦੀ ਪਰਵਾਹ ਨਹੀਂ ਹੈ। ਉਹ ਆਪਣੇ ਪੈਰ ਖਿੱਚਣ ਵਾਲਿਆਂ ਨਾਲ ਖੇਡ ਵਿਚ ਲੱਗੇ ਹਨ ਤੇ ਉਹਨਾਂ ਆਪਣੀ ਕੁਰਸੀ ਬਚਾਉਣ ਲਈ ਆਪਣੀ ਟੀਮ ਦਿੱਲੀ ਭੇਜ ਦਿੱਤੀ ਹੈ ਬਜਾਏ ਕਿ ਉਹ ਇਸ ਟੀਮ ਨੂੰ ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦੇ ਬਚਾਅ ਵਿਚ ਲਗਾਉਂਦੇ।

ਬਾਦਲ ਨੇ ਮੀਟਿੰਗ ਵਿਚ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਦੇ ਮੰਤਰੀ ਤੇ ਵਿਧਾਇਕ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਤੇ ਕੈਬਨਿਟ ਵਿਚ ਅਹੁਦੇ ਹਾਸਲ ਕਰਨ ਵਾਸਤੇ ਦਿੱਲੀ ਚਲੇ ਗਏ ਹਨ ਪਰ ਮੁੱਖ ਮੰਤਰੀ ਕਦੇ ਜੀਵਨ ਰੱਖਿਅਕ ਦਵਾਈਆਂ, ਆਕਸੀਜ਼ਨ ਕੰਸੈਂਟ੍ਰੇਟਰ ਤੇ ਦਵਾਈਆਂ ਲੈਣ ਵਾਸਤੇ ਦਿੱਲੀ ਨਹੀਂ ਗਏ। ਉਹਨਾਂ ਕਿਹਾ ਕਿ ਇਹੀ ਗਲਤ ਤਰਜੀਹ ਹੀ ਸੂਬੇ ਵਿਚ ਗੰਭੀਰ ਕੋਰੋਨਾ ਸੰਕਟ ਲਈ ਜ਼ਿੰਮੇਵਾਰ ਹੈ ਤੇ ਇਸ ਕਾਰਨ ਹੀ ਸਿਹਤ ਸੈਕਟਰ ਬੁਰੀ ਤਰ੍ਹਾਂ ਢਹਿ ਢੇਰੀ ਹੋ ਗਿਆ ਹੈ ਤੇ ਅਮਲ ਕਾਨੂੰਨ ਦੀ ਵਿਵਸਥਾ ਵੀ ਖਰਾਬ ਹੋ ਗਈ ਹੈ।

- Advertisement -

ਕਾਂਗਰਸ ਸਰਕਾਰ ਨੂੰ ਮਨੁੱਖਤਾ ਨੂੰ ਪਹਿਲ ਦੇਣ ਲਈ ਆਖਦਿਆਂ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੁੰ ਹਦਾਇਤ ਦੇਣੀ ਚਾਹੀਦੀ ਹੈ ਕਿ ਉਹ ਤੁਰੰਤ ਪੰਜਾਬ ਪਰਤ ਆਉਣ ਤੇ ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦੀ ਮਦਦ ਵਿਚ ਜੁੱਟ ਜਾਣ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਖੁਦ ਮਿਸਾਲ ਕਾਇਕ ਮਰਨੀ ਚਾਹੀਦੀ ਹੈ ਤੇ ਬਲਾਕ ਪੱਧਰ ’ਤੇ ਕੋਰੋਨਾ ਕੇਅਰ ਸੈਂਟਰ ਖੋਲ੍ਹਣੇ ਚਾਹੀਦੇ ਹਨ ਤਾਂ ਜੋ ਕੋਰੋਨਾ ਵਿਸਿਚ ਵਾਧਾ ਹੋਣ ਤੋਂ ਰੋਕਿਆ ਜਾ ਸਕੇ ਤੇ 1000 ਕਰੋੜ ਰੁਪਏ ਨਾਲ ਸਿੱਧਾ ਉਤਪਾਦਕਾਂ ਤੋਂ ਵੈਕਸੀਨ ਖਰੀਦ ਕੇ ਅਗਲੇ ਛੇ ਮਹੀਨਿਆਂ ਦੇ ਅੰਦਰ ਸੂਬੇ ਦੇ ਸਾਰੇ ਲੋਕਾਂ ਨੂੰ ਵੈਕਸੀਨ ਲਗਾਉਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਮਾਜ ਦੇ ਉਹਨਾਂ ਸਾਰੇ ਵਰਗਾਂ ਲਈ ਵਿੱਤੀ ਰਾਹਤ ਪੈਕੇਜ ਐਲਾਨਣਾ ਚਾਹੀਦਾ ਹੈ ਜਿਹਨਾਂ ਦੇ ਕੰਮ ਵਾਰ ਵਾਰ ਲਾਕ ਡਾਊਨ ਵਿਚ ਵਾਧੇ ਨਾਲ ਪ੍ਰਭਾਵਤ ਹੋਏ ਤੇ ਸਾਰੇ ਖਪਤਕਾਰਾਂ ਦੇ ਅਗਲੇ ਛੇ ਮਹੀਨਿਆਂ ਦੇ ਬਿਜਲੀ ਬਿੱਲ ਮੁਆਫ ਕਰਨੇ ਚਾਹੀਦੇ ਹਨ ਤੇ ਉਹਨਾਂ ਨੇ ਸਰਕਾਰ ਵੱਲੋਂ ਬਿਜਲੀ ਦਰਾਂ ਵਿਚ ਕਟੌਤੀ ਕਰਨ ਦੇ ਡਰਾਮੇ ਦੀ ਵੀ ਨਿਖੇਧੀ ਕੀਤੀ।
ਉਹਨਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੱਲੋਂ ਕਾਂਗਰਸੀਆਂ ਨੂੰ ਅਜਿਹੇ ਨਾਜ਼ੁਕ ਮੌਕੇ ਦਿੱਲੀ ਆਉਣ ਲਈ ਉਤਸ਼ਾਹਿਤ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਦੋਹਾਂ ਨੁੰ ਪੰਜਾਬ ਵਿਰੋਧੀ ਕਾਰਵਾਈਆਂ ਲਈ ਮੁਆਫੀ ਮੰਗਦੀ ਚਾਹੀਦੀ ਹੈ।

Share this Article
Leave a comment