ਕਾਂਗਰਸ ਸਰਕਾਰ ਨੇ ਪਿਛਲੇ ਸਾਲ ਪਰਾਲੀ ਦੀ ਸੰਭਾਲ ਲਈ ਮੁਆਵਜ਼ਾ ਨਾ ਦੇ ਕੇ ਛੋਟੇ ਕਿਸਾਨਾਂ ਨਾਲ ਧੋਖਾ ਕੀਤਾ : ਅਕਾਲੀ ਦਲ

TeamGlobalPunjab
3 Min Read

-ਪਾਰਟੀ ਸਰਕਾਰ ਨੂੰ ਪਨਸੀਡ ਨੂੰ ਖਤਮ ਕਰ ਕੇ ਇਸਦਾ ਪੰਜਾਬ ਐਗਰੋ ਵਿਚ ਰਲੇਵਾਂ ਨਹੀਂ ਦੇਵੇਗੀ : ਸਿਕੰਦਰ ਸਿੰਘ ਮਲੂਕਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅੱਜ ਕਾਂਗਰਸ ਸਰਕਾਰ ਦੀ ਇਸ ਗੱਲੋਂ ਜ਼ੋਰਦਾਰ ਨਿਖੇਧੀ ਕੀਤੀ ਕਿ ਉਸਨੇ ਪਿਛਲੇ ਸਾਲ ਪਰਾਲੀ ਦੀ ਸੰਭਾਲ ਕਰਨ ਵਾਲੇ ਛੋਟੇ ਕਿਸਾਨਾਂ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਬਣਦਾ ਮੁਆਵਜ਼ਾ ਨਾ ਦੇ ਕੇ ਉਹਨਾਂ ਨਾਲ ਧੋਖਾ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਪੰਜ ਏਕੜ ਤੋਂ ਘੱਟ ਮਾਲਕੀ ਵਾਲੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ 2500 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਅਦਾ ਨਹੀਂ ਕੀਤਾ। ਉਹਨਾਂ ਕਿਹਾ ਕਿ ਕਿਸਾਨਾਂ ਨੇ ਤਾਂ ਇਸ ਆਸ ਵਿਚ ਪਰਾਲੀ ਦੀ ਸੰਭਾਲ ਕਰਨ ਵਾਲੀਆਂ ਮਸ਼ੀਨਾਂ ਵੀ ਖਰੀਦੀਆਂ ਸਨ ਤੇ ਡੀਜ਼ਲ ‘ਤੇ ਵੀ ਖਰਚਾ ਕੀਤਾ ਕਿ ਸਰਕਾਰ ਇਸ ਮਹਿੰਗੇ ਕੰਮ ਵਾਸਤੇ ਮੁਆਵਜ਼ਾ ਦੇਵੇਗੀ।

ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪਰਾਲੀ ਦੀ ਰਹਿੰਦ ਖੂਹੰਦ ਸਾੜਨ ‘ਤੇ ਰੋਕ ਲਾਉਣ ਲਈ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਪਹਿਲਕਦਮੀ ਦੇ ਇਸ ਸਾਲ ਅੱਗੇ ਵਧਣ ‘ਤੇ ਰੁਕਾਵਟ ਲੱਗ ਗਈ ਹੈ। ਉਹਨਾਂ ਕਿਹਾ ਕਿ ਛੋਟੇ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਤੇ ਉਹਨਾਂ ਵੱਲੋਂ ਪਿਛਲੇ ਸਾਲ ਕੀਤੀ ਗਈ ਕੁਰਬਾਨੀ ਦਾ ਮੁੱਲ ਨਹੀਂ ਪਾਇਆ ਗਿਆ ਜਿਸ ਕਾਰਨ ਉਹਨਾਂ ਦੇ ਇਸ ਸਾਲ ਨਵੰਬਰ ਵਿਚ ਪਰਾਲੀ ਸੰਭਾਲਣ ‘ਤੇ ਪੈਸਾ ਖਰਚਣ ਦੀ ਸੰਭਾਵਨਾ ਨਹੀਂ ਹੈ। ਉਹਨਾਂ ਕਿਹਾ ਕਿ ਪ੍ਰਗਤੀਸ਼ੀਲ ਕਿਸਾਨਾਂ ਵੱਲੋਂ ਹੁਣ ਪਰਾਲੀ ਦੀ ਸੰਭਾਲ ਵਾਸਤੇ ਹੋਰ ਮਸ਼ੀਨਾਂ ਖਰੀਦ ਕੇ ਇਸ ਕੰਮ ਨੂੰ ਅੱਗੇ ਤੋਰਨ ਦੀ ਸੰਭਾਵਨਾ ਵੀ ਨਹੀਂ ਹੈ।

- Advertisement -

ਕਿਸਾਨ ਵਿੰਗ ਦੇ ਪ੍ਰਧਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਵਿਚ ਤੁਰੰਤ ਦਖਲ ਦੇਣ ਅਤੇ ਪਿਛਲੇ ਸਾਲ ਪਰਾਲੀ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਅਦਾ ਕੀਤੇ ਜਾਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਮੁਆਵਜ਼ੇ ਦੀ ਅਦਾਇਗੀ ਵਿਚ ਦੇਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ।

ਇਸ ਦੌਰਾਨ ਮਲੂਕਾ ਨੇ ਸਰਕਾਰ ਵੱਲੋਂ ਪਨਸੀਡ ਨੂੰ ਖਤਮ ਕਰ ਕੇ ਇਸਦਾ ਪੰਜਾਬ ਐਗਰੋ ਵਿਚ ਰਲੇਵਾਂ ਕਰਨ ਦੇ ਯਤਨਾਂ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪਨਸੀਡ ਚੰਗੀ ਕਵਾਲਟੀ ਦੇ ਬੀਜ ਦੇ ਪਸਾਰ ਤੇ ਇਸਦੀ ਕਿਸਾਨਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਏਜੰਸੀ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਪੰਜਾਬ ਐਗਰੋ ਦਾ ਕੰਮ ਬਾਗਵਾਨੀ ਜਿਣਸ ਦਾ ਮੰਡੀਕਰਣ ਕਰਨਾ ਹੈ। ਉਹਨਾਂ ਕਿਹਾ ਕਿ ਪਨਸੀਡ ਨੂੰ ਖਤਮ ਕਰਨ ਦੀ ਕਿਸੇ ਵੀ ਕਾਰਵਾਈ ਨਾਲ ਬੀਜ ਮਾਫੀਆ ਨੂੰ ਹੁਲਾਰਾ ਮਿਲੇਗਾ ਤੇ ਇਸ ਨਾਲ ਕਿਸਾਨਾਂ ਨੂੰ ਪੀ ਆਰ 128 ਅਤੇ ਪੀ ਆਰ 129 ਵਰਗੇ ਝੋਨੇ ਦੇ ਨਕਲੀ ਬੀਜ ਘੁਟਾਲੇ ਵਰਗੇ ਹੋਰ ਘੁਟਾਲੇ ਹੋ ਸਕਦੇ ਹਨ। ਉਹਨਾਂ ਕਿਹਾ ਕਿ ਪਨਸੀਡ ਨੂੰ ਬਰਕਰਾਰ ਰੱਖਣਾ ਕਿਸਾਨਾਂ ਦੇ ਹਿੱਤ ਵਿਚ ਹੈ ਤੇ ਸ਼੍ਰੋਮਣੀ ਅਕਾਲੀ ਦਲ ਪਨਸੀਡ ਦੀ ਮੌਜੂਦਾ ਪਛਾਣ ਨੂੰ ਖਤਮ ਕਰਨ ਦੇ ਯਤਨਾਂ ਦਾ ਪੁਰਜ਼ੋਰ ਵਿਰੋਧ ਕਰੇਗਾ । ਉਹਨਾਂ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਨੂੰ ਇਹ ਕਿਸਾਨ ਵਿਰੋਧੀ ਕਦਮ ਨਹੀਂ ਚੁੱਕਣ ਦਿਆਂਗੇ।

Share this Article
Leave a comment