ਗਠਜੋੜ ਹੰਕਾਰੀ ਰਾਜੇ ਤੇ ਘੁਟਾਲਿਆਂ ਵਾਲੀ ਕਾਂਗਰਸ ਸਰਕਾਰ ਨੂੰ ਪੰਜਾਬ ਵਿਚੋਂ ਕਰੇਗਾ ਚਲਦਾ : ਸੁਖਬੀਰ ਬਾਦਲ

TeamGlobalPunjab
6 Min Read

ਚੰਡੀਗੜ੍ਹ  : ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ 2022 ਦੀਆਂ ਵਿਧਾਨ ਸਭਾ ਚੋਣਾਂ ਗਠਜੋੜ ਬਣਾ ਕੇ ਲੜਨ ਦਾ ਐਲਾਨ ਕੀਤਾ ਤਾਂ ਜੋ ਪੰਜਾਬ ਵਿਚੋਂ ਹੰਕਾਰੀ ਰਾਜੇ ਤੇ ਭ੍ਰਿਸ਼ਟ ਤੇ ਘੁਟਾਲਿਆਂ ਨਾਲ ਭਰੀ ਕਾਂਗਰਸ ਸਰਕਾਰ ਨੁੰ ਚਲਦਾ ਕੀਤਾ ਜਾ ਸਕੇ।

ਇਸ ਬਾਬਤ ਐਲਾਨ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਕੌਮੀ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਨੇ ਸਾਂਝੇ ਤੌਰ ’ਤੇ ਕੀਤਾ। ਬਸਪਾ ਦੇ ਆਗੂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਮਾਇਆਵਤੀ ਨੇ ਗਠਜੋੜ ਲਈ ਪ੍ਰਵਾਨਗੀ ਦਿੱਤੀ ਹੈ ਤੇ ਉਹਨਾਂ ਐਲਾਨ ਕੀਤਾ ਕਿ ਦੋਵੇਂ ਪਾਰਟੀਆਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੂਬੇ ਵਿਚ ਅਗਲੀ ਸਰਕਾਰ ਬਣਾਉਣ ਲਈ ਕੰਮ ਕਰਨਗੀਆਂ। ਮਿਸ਼ਰਾ ਨੇ ਦਲਿਤ ਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਗਠਜੋੜ ਦੀ ਦਿਲੋਂ ਹਮਾਇਤ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਬਸਪਾ ਦੇ ਪੰਜਾਬ ਦੇ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਤੇ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨਾਲ ਮਿਲ ਕੇ ਪੰਜ ਵਾਰ ਮੁੱਖ ਮੰਤਰੀ ਰਹੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦਾ ਆਸ਼ੀਰਵਾਦ ਲਿਆ।

ਇਸ ਮੌਕੇ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਬਸਪਾ ਅਕਾਲੀ ਦਲ ਨਾਲ ਗਠਜੋੜ ਤਹਿਤ 20 ਸੀਟਾਂ ’ਤੇ ਚੋਣਾਂ ਲੜੇਗੀ ਜਿਸ ਵਿਚੋਂ ਦੁਆਬਾ ਵਿਚ 8, ਮਾਲਵਾ ਦੀਆਂ 7 ਤੇ ਮਾਝਾ ਦੀਆਂ 5 ਸੀਟਾਂ ਸ਼ਾਮਲ ਹਨ।

- Advertisement -

ਇਹਨਾਂ ਸੀਟਾਂ ਵਿਚ ਕਰਤਾਰਪੁਰ, ਜਲੰਧਰ ਵੈਸਟ, ਜਲੰਧਰ ਨਾਰਥ, ਫਗਵਾੜਾ, ਹੁਸ਼ਿਆਰਪੁਰ ਸ਼ਹਿਰ, ਟਾਂਡਾ, ਦਸੂਹਾ, ਚਮਕੌਰ ਸਾਹਿਬ, ਬਸੀ ਪਠਾਣਾਂ, ਮਹਿਲ ਕਲਾਂ, ਨਵਾਂਸ਼ਹਿਰ, ਲੁਧਿਆਣਾ ਨਾਰਥ, ਸੁਜਾਨਪੁਰ, ਬੋਹਾ, ਪਠਾਨਕੋਟ, ਆਨੰਦਪੁਰ ਸਾਹਿਬ, ਮੁਹਾਲੀ, ਅੰਮ੍ਰਿਤਸਰ ਨਾਰਥ, ਅੰਮ੍ਰਿਤਸਰ ਸੈਂਟਰਲ ਤੇ ਪਾਇਲ ਸ਼ਾਮਲ ਹਨ। ਉਹਨਾਂ ਕਿਹਾ ਕਿ ਦੋਹਾਂ ਪਾਰਟੀਆਂ ਦੇ ਆਗੂਆਂ ਦੀ ਤਾਲਮੇਲ ਕਮੇਟੀ ਗਠਿਤ ਕੀਤੀ ਜਾਵੇਗੀ ਤਾਂ ਜੋ ਸਾਰੇ ਹਲਕਿਆ ਵਿਚ ਸਾਰੇ ਹਲਕਿਆਂ ਵਿਚ ਕੰਮਕਾਜ ਸਹਿਜੇ ਹੀ ਕੀਤਾ ਜਾਣਾ ਯਕੀਨੀ ਬਣਾਇਆ ਜਾ ਸਕੇ।

ਗਠਜੋੜ ਨੂੰ ਇਤਿਹਾਸਕ ਕਰਾਰ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਗਠਜੋੜ ਸਿਰਫ 2022 ਵਿਧਾਨ ਸਭਾ ਚੋਣਾਂ ਲਈ ਨਹੀਂ ਹੈ ਬਲਕਿ ਇਹ ਭਵਿੱਖ ਵਿਚ ਵੀ ਜਾਰੀ ਰਹੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਦੋਹਾਂ ਦੀ ਵਿਚਾਰਧਾਰਾ ਇਕ ਹੈ ਤੇ ਦੋਵੇਂ ਕਿਸਾਨਾਂ, ਦਲਿਤਾਂ, ਗਰੀਬਾਂ ਤੇ ਖੇਤ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਮਾਜ ਦੇ ਕਮਜ਼ੋਰ ਵਰਗਾਂ ਨੁੰ ਹਰ ਸਹੂਲਤ ਦਿੱਤੀ ਹੈ ਭਾਵੇਂ ਉਹ ਆਟਾ ਦਾਲ, ਬੁਢਾਪਾ ਪੈਨਸ਼ਨ ਜਾਂ ਸ਼ਗਨ ਸਕੀਮ ਹੋਵੇ। ਉਹਨਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਕਮਜ਼ੋਰ ਵਰਗਾਂ ਲਈ ਇਕ ਵੀ ਸਕੀਮ ਸ਼ੁਰੂ ਨਹੀਂ ਕੀਤੀ ਤੇ ਇਹ ਐਸ ਸੀ ਸਕਾਲਰਸ਼ਿਪ ਸਕੀਮ ਵਰਗੀਆਂ ਸਕੀਮਾਂ ਬੰਦ ਕਰਨ ਲਈ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਕਾਲੀ ਦਲ ਤੇ ਬਸਪਾ ਦੇ ਜ਼ਮੀਨੀ ਪੱਧਰ ਦੇ ਵਰਕਰ ਸਾਂਝਾ ਮੁਹਾਜ਼ ਬਣਾਉਣ ਦੀ ਮੰਗ ਕਰ ਰਹੇ ਸਨ। ਉਹਨਾਂ ਨੇ ਬਸਪਾ ਪ੍ਰਧਾਨ ਮਾਇਆਵਤੀ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਅਕਾਲੀ ਦਲ ਨਾਲ ਰਲ ਕੇ ਕਾਂਗਰਸ ਪਾਰਟੀ ਨੂੰ ਸੂਬੇ ਵਿਚੋਂ ਖਤਮ ਕਰਨ ਦਾ ਸਪਸ਼ਟ ਫੈਸਲਾ ਲਿਆ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਨਵਾਂ ਗਠਜੋੜ ਪ੍ਰਕਾਸ਼ ਸਿੰਘ ਬਾਦਲ ਦੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਦੇ ਮੂਲ ਫਲਸਫੇ ’ਤੇ ਚੱਲੇਗਾ। ਉਹਨਾਂ ਕਿਹਾ ਕਿ ਅਸੀਂ ਸਮਾਜ ਦੇ ਅਣਗੌਲੇ ਵਰਗਾਂ ਤੇ ਕਿਸਾਨਾਂ ਦੀ ਭਲਾਈ ਯਕੀਨੀ ਬਣਾਏਗਾ ਤੇ ਨਾਲ ਹੀ ਵਪਾਰ ਤੇ ਉਦਯੋਗ ਵਿਕਸਤ ਕਰਕੇ ਸੂਬੇ ਦਾ ਅਰਥਚਾਰਾ ਮੁੜ ਲੀਹ ’ਤੇ ਲਿਆਵੇਗਾ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਦਾ ਹੈ। ਉਹਨਾਂ ਕਿਹਾ ਕਿ  ਪ੍ਰਕਾਸ਼ ਸਿੰਘ ਬਾਦਲ ਨੇ ਨੇ ਸਾਰੇ ਧਰਮਾਂ ਦੇ ਪੂਜਾ ਸਥਲ ਵਿਕਸਤ ਕੀਤੇ ਹਨ ਅਤੇ ਅੰਮ੍ਰਿਤਸਰ ਵਿਚ ਭਗਵਾਨ ਵਾਲਮੀਕਿ ਦਾ ਅਸਥਾਨ ਬਣਾਇਆ। ਗੁਰੂ ਰਵੀਦਾਸ ਜੀ ਦੇ ਪਵਿੱਤਰ ਅਸਥਾਨ ਖੁਰਾਲਗੜ੍ਹ ਸਾਹਿਬ ਵਿਖੇ 200 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਜਿਸਨੂੰ ਕਾਂਗਰਸ ਸਰਕਾਰ ਨੇ ਰੋਕ ਦਿੱਤਾ।

ਇਸ ਮੌਕੇ ਸਤੀਸ਼ ਮਿਸ਼ਰਾ ਨੇ ਕਿਹਾ ਕਿ ਅੱਜ ਪੰਜਾਬ ਦੇ ਇਤਿਹਾਸ ਵਿਚ ਬਹੁਤ ਵੱਡਾ ਦਿਨ ਹੈ ਜਦੋਂ ਬਸਪਾ ਨੇ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ ਨਾਲ ਗਠਜੋੜ ਕੀਤਾ ਹੈ। ਉਹਨਾਂ ਕਿਹਾ ਕਿ ਦੋਵੇਂ ਪਾਰਟੀਆਂ 25 ਸਾਲ ਬਾਅਦ ਮੁੜ ਇਕੱਠੀਆਂ ਹੋਈਆਂ ਹਨ ਅਤੇ ਪਿਛਲੀ ਵਾਰ ਜਦੋਂ ਦੋਵਾਂ ਪਾਰਟੀਆਂ ਨੇ ਰਲ ਕੇ 1996 ਦੀਆਂ ਚੋਣਾਂ ਲੜੀਆਂ ਸਨ ਤਾਂ ਲੋਕ ਸਭਾ ਦੀਆਂ 13 ਵਿਚੋਂ 11 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਉਹਨਾਂ ਕਿਹਾ ਕਿ ਬਸਪਾ ਪ੍ਰਧਾਨ ਮਾਇਆਵਤੀ ਆਪ ਆ ਕੇ ਗਠਜੋੜ ਦਾ ਐਲਾਨ ਕਰਨਾ ਚਾਹੁੰਦੇ ਸਨ ਪਰ ਕੋਰੋਨਾ ਬੰਦਸ਼ਾਂ ਕਰ ਕੇ ਅਜਿਹਾ ਹੋ ਨਹੀਂ ਸਕਿਆ।

- Advertisement -

 ਮਿਸ਼ਰਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਕਿਵੇਂ ਦਲਿਤਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਤੇ ਐਸ ਸੀ ਵਿਦਿਆਰਥੀਆਂ ਲਈ ਰਾਖਵੇਂ ਫੰਡ ਜਾਰੀ ਨਹੀਂ ਕਰ ਰਹੀ, ਆਟਾ ਦਾਲ ਸਕੀਮ ਤੇ ਬੁਢਾਪਾ ਪੈਨਸ਼ਨਾਂ ਦੇ ਲੱਖਾਂ ਲਾਭਪਾਤਰੀਆਂ ਦੇ ਨਾਂ ਕੱਟ ਦਿੱਤੇ ਹਨ, ਐਸ ਸੀ ਤੇ ਓ ਬੀ ਸੀ ਆਸਾਮੀਆਂ ਭਰੀਆਂ ਨਹੀਂ ਜਾ ਰਹੀਆਂ ਤੇ ਬੇਘਰਿਆਂ ਨੂੰ ਘਰ ਦੇਣ ਦੀ ਸਕੀਮ ਤਹਿਤ ਘਰ ਨਹੀਂ ਦਿੱਤੇ ਜਾ ਰਹੇ। ਉਹਨਾਂ ਦੱਸਿਆ ਕਿ ਕਿਵੇਂ ਬਸਪਾ ਅਕਾਲੀ ਦਲ ਨਾਲ ਰਲ ਕੇ ਸੰਘਰਸ਼ ਕਰੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਤਿੰਨ ਕਿਸਾਨ ਵਿਰੋਧੀ ਖੇਤੀਕਾਨੂੰਨ ਲਾਗੂ ਨਾ ਹੋਣ ਅਤੇ ਉਹਨਾਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕਿਸਾਨਾਂ ਦੀ ਹਮਾਇਤ ਵਿਚ ਕੈਬਨਿਟ ਤੋਂ ਅਸਤੀਫਾ ਦੇਣ ਦੀ ਸ਼ਲਾਘਾ ਕੀਤੀ। ਮਿਸ਼ਰਾ ਨੇ ਤਿੰਨ ਨਫਰਤ ਭਰੇ ਕਾਨੁੰਨਾਂ ਦੀ ਸ਼ਲਾਘਾ ਕਰਨ ’ਤੇ ਆਪ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਉਹ ਕਿਸਾਨਾਂ ਦੇ ਦਬਾਅ ਹੇਠ ਹੁਣ ਆਪਣਾ ਸਟੈਂਡ ਬਦਲ ਗਈ ਹੈ।

Share this Article
Leave a comment