ਕੈਪਟਨ ਪੰਜਾਬੀਆਂ ਨੂੰ ਦੱਸਣ ਕਿ ਮੁੱਖ ਮੰਤਰੀ ਰਾਹਤ ਫੰਡ ਵਿਚ ਆਏ 64 ਕਰੋੜ ਰੁਪਏ ਕੋਰੋਨਾ ਰਾਹਤ ਕਾਰਜਾਂ ਵਾਸਤੇ ਜਾਰੀ ਕਿਉਂ ਨਹੀਂ ਕੀਤੇ ਗਏ : ਅਕਾਲੀ ਦਲ

TeamGlobalPunjab
3 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਕਾਂਗਰਸ ਸਰਕਾਰ ਮੁੱਖ ਮੰਤਰੀ ਰਾਹਤ ਫੰਡ ਵਿਚ ਇਕੱਠੇ ਹੋਏ ਪੈਸੇ ਹਸਪਤਾਲਾਂ, ਮਰੀਜ਼ਾਂ ਤੇ ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਤ ਹੋਏ ਲੋਕਾਂ ਦੀ ਸਹਾਇਤਾ ਵਾਸਤੇ ਜਾਰੀ ਕਿਉਂ ਨਹੀਂ ਕਰ ਰਹੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ 64 ਕਰੋੜ ਰੁਪਏ ਤੋਂ ਜ਼ਿਆਦਾ ਮੁੱਖ ਮੰਤਰੀ ਰਾਹਤ ਫੰਡ ਦੇ ਇਕ ਪ੍ਰਾਈਵੇਟ ਬੈਂਕ ਵਿਚਲੇ ਖਾਤੇ ਵਿਚ ਇਕੱਠੇ ਹੋਏ ਪਏ ਹਨ ਪਰ ਇਹ ਪੈਸਾ ਮਹਾਂਮਾਰੀ ਨਾਲ ਪ੍ਰਭਾਵਤ ਹੋਏ ਲੋਕਾਂ ਵਾਸਤੇ ਖਰਚਿਆ ਨਹੀਂ ਜਾ ਰਿਹਾ। ਉਹਨਾਂ ਕਿਹਾ ਕਿ ਰਿਪੋਰਟਾਂ ਮੁਤਾਬਕ ਬੈਂਕ ਵਿਚ ਰੋਜ਼ਾਨਾ ਆਧਾਰ ‘ਤੇ ਪੈਸਾ ਜਮ•ਾਂ ਹੋ ਰਿਹਾ ਹੈ ਪਰ ਲੰਬਾ ਸਮਾਂ ਪਹਿਲਾਂ ਦੋ ਕਿਸ਼ਤਾਂ ਵਿਚ 2.28 ਕਰੋੜ ਰੁਪਏ ਜਾਰੀ ਕਰਨ ਤੋਂ ਇਲਾਵਾ ਕਿਸੇ ਵੀ ਰੂਪ ਵਿਚ ਪੈਸਾ ਜਾਰੀ ਨਹੀਂ ਕੀਤਾ ਗਿਆ।

ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ, ਵਪਾਰੀਆਂ, ਸਰਕਾਰੀ ਮੁਲਾਜ਼ਮਾਂ ਤੇ ਇਥੋਂ ਤੱਕ ਕਿ ਆਮ ਨਾਗਰਿਕਾਂ ਨੇ ਵੀ ਮੁੱਖ ਮੰਤਰੀ ਰਾਹਤ ਫੰਡ ਵਿਚ ਯੋਗਦਾਨ ਪਾਇਆ ਹੈ ਕਿਉਂਕਿ ਖਤਰਨਾਕ ਮਹਾਂਮਾਰੀ ਦੇ ਸਮੇਂ ਵਿਚ ਮਦਦ ਵਾਸਤੇ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਸੀ। ਉਹਨਾਂ ਕਿਹਾ ਕਿ ਦੋ ਕਿਸ਼ਤਾਂ ਵਿਚ 2.35 ਕਰੋੜ ਰੁਪਏ ਜਾਰੀ ਕੀਤੇ ਜੋ ਨਾਂਦੇੜ ਸਾਹਿਬ ਵਿਚ ਫਸੀ ਸਿੱਖ ਸੰਗਤ ਤੇ ਤਾਮਿਲਨਾਡੂ ਅਤੇ ਰਾਜਸਥਾਨ ਵਿਚ ਫਸੇ ਲੋਕਾਂ ਨੂੰ ਲਿਆਉਣ ਵਾਸਤੇ ਅਤੇ ਪੁਲਿਸ ਅਫਸਰ ਅਨਿਲ ਕੋਹਲੀ ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ 35 ਡੱਖ ਰੁਪਏ ਜਾਰੀ ਕੀਤੇ ਪਰ ਇਸ ਤੋਂ ਇਲਾਵਾ ਫੰਡ ਵਿਚੋਂ ਕੋਈ ਪੈਸਾ ਜਾਰੀ ਨਹੀਂ ਕੀਤਾ ਗਿਆ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਡਾਕਟਰਾਂ ਵਾਸਤੇ ਸੁਰੱਖਿਆ ਉਪਕਰਣ ਤੇ ਹਸਪਤਾਲਾਂ ਵਿਚ ਵੈਂਟੀਲੇਟਰ ਤੇ ਹੋਰ ਬੁਨਿਆਦੀ ਢਾਂਚੇ ਦੀ ਖਰੀਦ ਵਾਸਤੇ ਵੀ ਇਹ ਪੈਸਾ ਜਾਰੀ ਕਰਨਾ ਯੋਗ ਨਹੀਂ ਸਮਝਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਸਰਕਾਰ ਨੇ ਕੋਰੋਨਾ ਮਰੀਜ਼ਾਂ ਦੇ ਮੈਡੀਕਲ ਇਲਾਜ ਵਾਸਤੇ ਸਬਸਿਡੀ ਦੇਣਾ ਵੀ ਯੋਗ ਨਹੀਂ ਸਮਝਿਆ ਹਾਲਾਂਕਿ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਮੋਟੇ ਬਿੱਲ ਤਾਰਨੇ ਪਏ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਇਹ ਪੈਸਾ ਸੂਬੇ ਵਿਚੋਂ ਪ੍ਰਵਾਸੀ ਮਜ਼ਦੂਰਾਂ ਦੀ ਹਿਜਰਤ ਰੋਕਣ ਵਾਸਤੇ ਵੀ ਨਹੀਂ ਖਰਚਿਆ ਤੇ ਉਹਨਾਂ ਹੁਨਰਮੰਦ ਵਰਕਰਾਂ ਨੂੰ ਵੀ ਨਹੀਂ ਦਿੱਤਾ ਜਿਹਨਾਂ ਨੇ ਲਾਕ ਡਾਊਨ ਦੌਰਾਨ ਆਪਣੇ ਰੋਜ਼ਗਾਰ ਗੁਆ ਲਏ। ਉਹਨਾਂ ਕਿਹਾ ਕਿ ਇਹ ਪੈਸਾ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਜਿਹਨਾਂ ਦੇ ਮਾਪਿਆਂ ਦੀ ਆਮਦਨ ਲਾਕ ਡਾਊਨ ਕਾਰਨ ਪ੍ਰਭਾਵਤ ਹੋਈ ਹੈ, ਦੀ ਟਿਊਸ਼ਨ ਅਤੇ ਦਾਖਲਾ ਫੀਸ ਦੇਣ ਵਾਸਤੇ ਵੀ ਵਰਤਿਆ ਜਾ ਸਕਦਾ ਸੀ।

- Advertisement -

ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਕਠੋਰ ਰਵੱਈਆ ਉਸਦੇ ਅਣਮਨੁੱਖੀ ਹੋਣ ਦਾ ਸੰਕੇਤ ਦਿੰਦਾ ਹੈ। ਉਹਨਾਂ ਕਿਹਾ ਕਿ ਲਾਕ ਡਾਊਨ ਦੇ ਪੜਾਅ ਦੌਰਾਨ ਸੂਬਾ ਹਸਪਤਾਲ ਸਟਾਫ ਤੇ ਮਰੀਜ਼ਾਂ ਲਈ ਖਾਣੇ ਦੀ ਸਪਲਾਈ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਸਮਾਜਿਕ ਸੰਗਠਨਾਂ ‘ਤੇ ਨਿਰਭਰ ਰਿਹਾ ਤੇ ਇਸਨੇ ਇਸ ਫੰਡ ਵਿਚੋਂ ਇਹ ਪੈਸਾ ਇਸ ਜ਼ਰੂਰੀ ਸੇਵਾ ਵਾਸਤੇ ਖਰਚਣਾ ਵੀ ਮੁਨਾਸਬ ਨਹੀਂ ਸਮਝਿਆ। ਉਹਨਾਂ ਮੰਗ ਕੀਤੀ ਕਿ ਇਹ ਪੈਸਾ ਤੁਰੰਤ ਰਾਹਤ ਕਾਰਜਾਂ ਲਈ ਜਾਰੀ ਕੀਤਾ ਜਾਵੇ।

Share this Article
Leave a comment