– ਅਵਤਾਰ ਸਿੰਘ
ਸਾਬੂਦਾਣਾ ਚਿੱਟੇ ਮੋਤੀਆਂ ਦੇ ਆਕਾਰ ਦਾ ਬਹੁਤ ਹੀ ਫ਼ਾਇਦੇਮੰਦ ਆਹਾਰ ਹੈ। ਇਸ ਦੀ ਖੀਰ ਸਰੀਰ ਲਈ ਬਹੁਤ ਗੁਣਕਾਰੀ ਮੰਨੀ ਜਾਂਦੀ ਹੈ। ਸਾਬੂਦਾਣੇ ਦੀ ਖਿੱਚੜੀ ਫ਼ਾਇਦੇਮੰਦ ਹੋਣ ਦੇ ਨਾਲ ਨਾਲ ਸਵਾਦ ਪੱਖੋਂ ਵੀ ਚੰਗੀ ਹੁੰਦੀ ਹੈ। ਸਾਬੂਦਾਣੇ ਨੂੰ ਇਸ ਤੋਂ ਬਣੇ ਪਾਪੜਾਂ ਦੇ ਰੂਪ ਵਿੱਚ ਖਾਧਾ ਜਾ ਸਕਦਾ ਹੈ। ਇਸ ਦੀ ਵਰਤੋਂ ਤਿਉਹਾਰਾਂ ਵਰਤਾਂ ਦੇ ਦਿਨਾਂ ਵਿੱਚ ਜ਼ਿਆਦਾ ਹੁੰਦੀ ਹੈ। ਸਾਬੂਦਾਣੇ ਦੇ ਕੁਝ ਅਹਿਮ ਫ਼ਾਇਦੇ ਇਸ ਤਰ੍ਹਾਂ ਹਨ:
ਠੰਢਕ ਦੇਣ ਵਾਲਾ: ਗਰਮੀ ਦੀ ਰੁੱਤ ਦੌਰਾਨ ਸਾਬੂਦਾਣਾ ਸਰੀਰ ਨੂੰ ਤਰੋਤਾਜ਼ਾ ਰੱਖਦਾ ਹੈ। ਇਸ ਨੂੰ ਚੌਲਾਂ ਵਿੱਚ ਰਲਾ ਕੇ ਖਾਣ ਨਾਲ ਇਹ ਸਰੀਰ ’ਚ ਵਧਣ ਵਾਲੀ ਗਰਮੀ ਨੂੰ ਘੱਟ ਕਰਦਾ ਹੈ।
ਦਸਤ ਲੱਗਣ ’ਤੇ: ਦਸਤ ਲੱਗਣ ’ਤੇ ਜਾਂ ਪੇਟ ਖ਼ਰਾਬ ਹੋਣ ’ਤੇ ਸਾਬੂਦਾਣੇ ਦੀ ਖੀਰ ਖਾਣ ਨਾਲ ਆਰਾਮ ਮਿਲਦਾ ਹੈ।
ਬਲੱਡ ਪ੍ਰੈਸ਼ਰ ’ਚ: ਸਾਬੂਦਾਣੇ ’ਚ ਪਾਇਆ ਜਾਣ ਵਾਲਾ ਪੋਟਾਸ਼ੀਅਮ ਖ਼ੂਨ ਸੰਚਾਰ ਬਿਹਤਰ ਕਰਕੇ ਨਿਯੰਤਰ ਕਰਦਾ ਹੈ। ਇਸ ਦੀ ਲਗਾਤਾਰ ਵਰਤੋਂ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ।
ਪੇਟ ਰੋਗਾਂ ’ਚ: ਇਹ ਪਾਚਨ ਤੰਤਰ ਨੂੰ ਮਜ਼ਬੂਤ ਕਰਕੇ ਗੈਸ ਤੇ ਬਦਹਜ਼ਮੀ ਨੂੰ ਦੂਰ ਕਰਦਾ ਹੈ।
ਊਰਜਾ ਦੇਣ ਵਾਲਾ: ਸਾਬੂਦਾਣਾ ਕਾਰਬੋਹਾਈਡ੍ਰੇਟ ਦਾ ਸਭ ਤੋਂ ਵਧੀਆ ਸਰੋਤ ਹੈ। ਇਹ ਸਰੀਰ ਨੂੰ ਤੁਰੰਤ ਊਰਜਾ ਦਿੰਦਾ ਹੈ।
ਗਰਭ ਅਵਸਥਾ ਸਮੇਂ: ਸਾਬੂਦਾਣੇ ’ਚ ਪਾਇਆ ਜਾਣ ਫੋਲਿਕ ਐਸਿਡ ਤੇ ਵਿਟਾਮਿਨ ‘ਬੀ’ ਕੰਪਲੈਕਸ ਬੱਚੇ ਦੇ ਵਿਕਾਸ ਲਈ ਬਹੁਤ ਲਾਭਦਾਇਕ ਹੁੰਦਾ ਹੈ।
ਹੱਡੀਆਂ ਲਈ ਲਾਹੇਵੰਦ: ਸਾਬੂਦਾਣੇ ’ਚ ਕੈਲਸ਼ੀਅਮ, ਆਇਰਨ ਤੇ ਵਿਟਾਮਿਨ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ। ਇਹ ਹੱਡੀਆਂ ਨੂੰ ਮਜ਼ਬੂਤ ਕਰਕੇ ਲਚਕੀਲਾਪਣ ਲਿਆਉਂਦਾ ਹੈ।
ਵਜ਼ਨ ਵਧਾਉਣ ਵਾਲਾ: ਜਿਨ੍ਹਾਂ ਲੋਕਾਂ ਨੂੰ ਈਟਿੰਗ ਡਿਸਆਰਡਰ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਦਾ ਵਜ਼ਨ ਆਸਾਨੀ ਨਾਲ ਨਹੀਂ ਵਧਦਾ, ਅਜਿਹੇ ਲੋਕਾਂ ਲਈ ਸਾਬੂਦਾਣਾ ਇੱਕ ਬਿਹਤਰ ਵਿਕਲਪ ਹੈ।
ਥਕਾਵਟ: ਸਾਬੂਦਾਣਾ ਖਾਣ ਨਾਲ ਥਕਾਵਟ ਖ਼ਤਮ ਹੋ ਜਾਂਦੀ ਹੈ ਅਤੇ ਸਰੀਰ ’ਚ ਊਰਜਾ ਬਣੀ ਰਹਿੰਦੀ ਹੈ।
ਚਮੜੀ: ਸਾਬੂਦਾਣੇ ਦਾ ਫੇਸਮਾਸਕ ਬਣਾ ਕੇ ਲਗਾਉਣ ਨਾਲ ਝੁਰੜੀਆਂ ਨਹੀਂ ਪੈਂਦੀਆਂ ਅਤੇ ਚਿਹਰਾ ਢਿੱਲਾ ਨਹੀਂ ਪੈਂਦਾ।
ਦਿਮਾਗ: ਇਸ ’ਚ ਪਾਇਆ ਜਾਣ ਵਾਲਾ ਵਿਟਾਮਿਨ ‘ਕੇ’ ਦਿਮਾਗ ਨੂੰ ਠੀਕ ਰੱਖਦਾ ਹੈ ਤੇ ਅਲਜਾਈਮਰ ਵਰਗੀਆਂ ਬਿਮਾਰੀਆਂ ਨਹੀਂ ਹੋਣ ਦਿੰਦਾ। ਨਾੜੀ ਤੰਤਰ ਨੂੰ ਤਾਕਤਵਰ ਬਣਾਉਂਦਾ ਹੈ।