ਨਵੀ ਦਿੱਲੀ : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੀ ਮੁਖੀ ਖਾਲਿਦਾ ਜ਼ਿਆ ਦਾ ਅੰਤਿਮ ਸੰਸਕਾਰ ਅੱਜ ਢਾਕਾ ਵਿੱਚ ਕੀਤਾ ਜਾਵੇਗਾ। ਖਾਲਿਦਾ ਨੂੰ ਸੰਸਦ ਕੰਪਲੈਕਸ ਵਿੱਚ ਉਨ੍ਹਾਂ ਦੇ ਪਤੀ ਅਤੇ ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਦੀ ਕਬਰ ਦੇ ਨੇੜੇ ਦਫ਼ਨਾਇਆ ਜਾਵੇਗਾ। ਖਾਲਿਦਾ ਦਾ ਮੰਗਲਵਾਰ ਸਵੇਰੇ 80 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।
ਭਾਰਤ ਵੱਲੋਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅੰਤਿਮ ਸਸਕਾਰ ‘ਚ ਸ਼ਾਮਿਲ ਹੋਣਗੇ। ਉਹ ਖਾਲਿਦਾ ਜ਼ਿਆ ਨੂੰ ਸ਼ਰਧਾਂਜਲੀ ਦੇਣ ਲਈ ਢਾਕਾ ਪਹੁੰਚ ਚੁੱਕੇ ਹਨ। ਖਾਲਿਦਾ ਜ਼ਿਆ ਦੀ ਮ੍ਰਿਤਕ ਦੇਹ ਨੂੰ ਅੰਤਿਮ ਸਸਕਾਰ ਲਈ ਤਾਰਿਕ ਰਹਿਮਾਨ ਦੇ ਘਰ ਤੋਂ ਮਾਨਿਕ ਮੀਆਂ ਐਵੇਨਿਊ ਲਿਜਾਇਆ ਜਾ ਰਿਹਾ ਹੈ। ਬੀਐਨਪੀ ਦੇ ਕਾਰਜਕਾਰੀ ਚੇਅਰਮੈਨ ਤਾਰਿਕ ਰਹਿਮਾਨ, ਉਨ੍ਹਾਂ ਦੀ ਪਤਨੀ ਜ਼ੁਬੈਦਾ ਰਹਿਮਾਨ ਅਤੇ ਸਕੱਤਰ ਜਨਰਲ ਮਿਰਜ਼ਾ ਫਖਰੂਲ ਇਸਲਾਮ ਆਲਮਗੀਰ ਉਨ੍ਹਾਂ ਦੇ ਨਾਲ ਇੱਕ ਹੋਰ ਵਾਹਨ ਵਿੱਚ ਹਨ।
ਬੰਗਲਾਦੇਸ਼ ਸਰਕਾਰ ਨੇ ਖਾਲਿਦਾ ਜ਼ਿਆ ਦੀ ਮੌਤ ਤੋਂ ਬਾਅਦ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਇਸ ਸਮੇਂ ਦੌਰਾਨ ਸਰਕਾਰੀ ਇਮਾਰਤਾਂ ‘ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਸਾਰੇ ਅਧਿਕਾਰਤ ਸਮਾਗਮ ਮੁਲਤਵੀ ਕਰ ਦਿੱਤੇ ਜਾਣਗੇ। ਖਾਲਿਦਾ ਜ਼ਿਆ ਦੀ ਅੰਤਿਮ ਨਮਾਜ਼ ਅੱਜ ਸੰਸਦ ਕੰਪਲੈਕਸ ਖੇਤਰ ਅਤੇ ਮਾਨਿਕ ਮੀਆਂ ਐਵੇਨਿਊ ਵਿੱਚ ਅਦਾ ਕੀਤੀ ਜਾਵੇਗੀ। ਦੇਸ਼ ਭਰ ਤੋਂ ਲੋਕ ਸਵੇਰੇ ਤੜਕੇ ਹੀ ਢਾਕਾ ਪਹੁੰਚਣੇ ਸ਼ੁਰੂ ਹੋ ਗਏ ਸਨ ਤਾਂ ਜੋ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਜਾ ਸਕੇ ਅਤੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋ ਸਕਣ।
ਦੱਸ ਦਈਏ ਕਿ ਖਾਲਿਦਾ ਕਈ ਸਾਲਾਂ ਤੋਂ ਛਾਤੀ ਦੀ ਇਨਫੈਕਸ਼ਨ, ਜਿਗਰ, ਗੁਰਦੇ, ਸ਼ੂਗਰ, ਗਠੀਆ ਅਤੇ ਅੱਖਾਂ ਦੀਆਂ ਸਮੱਸਿਆਵਾਂ ਤੋਂ ਪੀੜਤ ਸੀ। ਉਨ੍ਹਾਂ ਦੇ ਪਰਿਵਾਰ ਅਤੇ ਪਾਰਟੀ ਨੇਤਾਵਾਂ ਨੇ ਬੀਤੇ ਕਲ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਖਾਲਿਦਾ ਨੇ 1991 ਤੋਂ 1996 ਅਤੇ 2001 ਤੋਂ 2006 ਤੱਕ ਦੋ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

