ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੇ ਕਹਿਰ ਵਿਚਾਲੇ ਦੇਸ਼ਵਾਸੀਆਂ ਲਈ ਰਾਹਤ ਵਾਲੀ ਖ਼ਬਰ ਹੈ । ਰੂਸ ਵਲੋਂ ਇਜਾਦ ‘ਸਪੁਤਨਿਕ-V’ ਵੈਕਸੀਨ ਟੀਕਾ ਅਗਲੇ ਹਫਤੇ ਤੋਂ ਭਾਰਤ ਵਿਚ ਉਪਲਬਧ ਹੋਵੇਗਾ। ਨੀਤੀ ਆਯੋਗ ਮੈਂਬਰ ਡਾ. ਵੀ.ਕੇ. ਪਾਲ ਨੇ ਵੀਰਵਾਰ ਨੂੰ ਇਸ ਸਬੰਧੀ ਕਿਹਾ ਕਿ ਅਗਲੇ ਹਫਤੇ ਤੋਂ ਦੇਸ਼ਵਾਸੀਆਂ ਨੂੰ ‘ਸਪੁਤਨਿਕ-V’ ਟੀਕਾ ਲਗਾਇਆ ਜਾਵੇਗਾ । ਇਹ ਵੀ ਉਮੀਦ ਹੈ ਕਿ ਇਹ ਟੀਕਾ ਜੁਲਾਈ ਤੋਂ ਭਾਰਤ ਵਿੱਚ ਤਿਆਰ ਕੀਤਾ ਜਾਵੇਗਾ।
ਡਾ. ਪਾਲ ਨੇ ਕਿਹਾ, ‘ਮੈਨੂੰ ਇਹ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ‘ਸਪੁਤਨਿਕ ਵੈਕਸੀਨ’ ਭਾਰਤ ਪਹੁੰਚ ਚੁੱਕੀ ਹੈ, ਆਸ ਕਰਦੇ ਹਾਂ ਕਿ ਅਗਲੇ ਹਫ਼ਤੇ ਤੋਂ ਇਸਦਾ ਇਸਤੇਮਾਲ ਸ਼ੁਰੂ ਹੋ ਜਾਵੇਗਾ। ਅਸੀਂ ਇਹ ਵੀ ਉਮੀਦ ਕਰਦੇੇ ਹਾਂ ਕਿ ਅਗਲੇ ਹਫ਼ਤੇ ਤੋਂ ਰੂਸੀ ਵੈਕਸੀਨ ਸੀਮਤ ਮਾਤਰਾ ‘ਚ ਬਾਜ਼ਰ ਵਿੱਚ ਵਿਕਰੀ ਲਈ ਉਪਲਬਧ ਹੋਵੇਗੀ।’
ਨੀਤੀ ਆਯੋਗ ਮੈਂਬਰ ਡਾ. ਵੀ. ਕੇ. ਪਾਲ ਨੇ ਕਿਹਾ ਕਿ ਵੱਧ ਤੋਂ ਵੱਧ ਟੀਕੇ ਮੁਹੱਈਆ ਕਰਵਾਉਣ ਲਈ ਹਰ ਪੱਧਰ ‘ਤੇ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅਗਸਤ ਤੋਂ ਦਸੰਬਰ ਤੱਕ ਟੀਕੇ ਦੀ ਉਪਲਬਧਤਾ ਵੱਲ ਝਾਤ ਮਾਰੀਏ ਤਾਂ ਕੁੱਲ 216 ਕਰੋੜ ਟੀਕਾ ਖੁਰਾਕਾਂ ਦੇ ਉਪਲਬਧ ਹੋਣ ਦੀ ਉਮੀਦ ਹੈ।