ਦੁਨੀਆ ‘ਚ ਮੁੜ ਪੈਦਾ ਹੋ ਸਕਦਾ ਖੁਰਾਕ ਸੰਕਟ

Prabhjot Kaur
2 Min Read

ਕੀਵ: ਦੁਨੀਆਂ ‘ਚ ਮੁੜ ਖੁਰਾਕ ਸੰਕਟ ਦਾ ਖਤਰਾ ਪੈਦਾ ਹੋ ਗਿਆ ਹੈ। ਰੂਸ ਵੱਲੋਂ ਕਾਰਵਾਈ ਕਰਦਿਆਂ ਯੂਕਰੇਨ ਨਾਲ ਪਿਛਲੇ ਸਾਲ ਕੀਤਾ ‘ਬਲੈਕ ਸੀਅ ਗ੍ਰੇਨ ਸਮਝੌਤਾ’ ਰੱਦ ਕਰ ਦਿੱਤਾ ਗਿਆ ਹੈ। ਵਾਲਦੀਮੀਰ ਪੁਤਿਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਜਦੋਂ ਤੱਕ ਯੂਕਰੇਨ ਸਾਂਝੀਆਂ ਸ਼ਰਤਾਂ ਨਹੀਂ ਮੰਨਦਾ, ਇਹ ਸਮਝੌਤਾ ਰੱਦ ਰਹੇਗਾ। ਰੂਸ ਦੇ ਇਸ ਕਦਮ ਦਾ ਚੁਫੇਰਿਉਂ ਵਿਰੋਧ ਸ਼ੁਰੂ ਹੋ ਗਿਆ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਲੱਖਾਂ ਲੋਕਾਂ ਦੇ ਭੁੱਖ ਨਾਲ ਮਰਨ ਦਾ ਖਤਰਾ ਵਧ ਜਾਵੇਗਾ। ਅਮਰੀਕਾ ਨੇ ਇਸ ਨੂੰ ਤਾਨਾਸ਼ਾਹੀ ਵਾਲਾ ਰਵੱਈਆ ਕਰਾਰ ਦਿੱਤਾ ਜਦਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਕਿਹਾ ਕਿ ਉਹ ਦੁਨੀਆਂ ਨੂੰ ਅਨਾਜ ਸਪਲਾਈ ਜਾਰੀ ਰੱਖਣਗੇ।

ਯੂਕਰੇਨ ਦੁਨੀਆਂ ਦੇ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲੇ ਮੁਲਕਾਂ ‘ਚੋਂ ਇੱਕ ਹੈ ਅਤੇ ਪਿਛਲੇ ਸਾਲ ਰੂਸੀ ਹਮਲੇ ਤੋਂ ਬਾਅਦ ਉਸ ਨੇ ਅਨਾਜ ਦੀ ਸਪਲਾਈ ਬੰਦ ਕਰ ਦਿੱਤੀ ਜਿਸ ਕਰ ਕੇ ਕੌਮਾਂਤਰੀ ਬਾਜ਼ਾਰ ਡਾਵਾਂਡੋਲ ਹੋ ਗਿਆ ਅਤੇ ਕਈ ਯੂਰਪੀ ਮੁਲਕਾਂ ਸਣੇ ਅਫਰੀਕਾ ‘ਚ ਲੋਕਾਂ ਦੇ ਭੁੱਖਮਰੀ ਦਾ ਸ਼ਿਕਾਰ ਹੋਣ ਦਾ ਖਤਰਾ ਪੈਦਾ ਹੋ ਗਿਆ ਪਰ ਇਸੇ ਦੌਰਾਨ ਤੁਰਕੀ ਅਤੇ ਸੰਯੁਕਤ ਰਾਸ਼ਟਰ ਦੇ ਯਤਨਾਂ ਸਦਕਾ ਜੁਲਾਈ 2022 ਵਿੱਚ ਇੱਕ ਸਮਝੌਤਾ ਕੀਤਾ ਗਿਆ ਅਤੇ ਦੋਹਾਂ ਮੁਲਕਾਂ ਨੇ ਇੱਕ ਦੂਜੇ ਦੇ ਕਾਰਗੋ ਸ਼ਿਪਸ ‘ਤੇ ਹਮਲਾ ਨਾਂ ਕਰਨ ਦਾ ਐਲਾਨ ਕੀਤਾ।

ਇੱਥੇ ਦੱਸਣਾ ਬਣਦਾ ਹੈ ਕਿ ਯੁਕਰੇਨ ਅਨਾਜ ਤੋਂ ਇਲਾਵਾ ਫਰਟੀਲਾਈਜ਼ਰ ਵੀ ਵੱਡੇ ਪੱਧਰ ‘ਤੇ ਐਕਸਪੋਰਟ ਕਰਦਾ ਹੈ। ਪੁਤਿਨ ਸਰਕਾਰ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਅਨਾਜ ਸਮਝੌਤੇ ਦਾ ਆਖਰੀ ਦਿਨ ਹੈ ਅਤੇ ਜਦੋਂ ਤੱਕ ਸਾਡੀਆਂ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਸਮਝੌਤੇ ‘ਤੇ ਅਮਲ ਸ਼ੁਰੂ ਨਹੀਂ ਕੀਤਾ ਜਾਵੇਗਾ। ਉਧਰ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਸਮਝੌਤਾ ਰੱਦ ਕੀਤੇ ਜਾਣ ਮਗਰੋਂ ਪਰੇਸ਼ਾਨ ਨਜ਼ਰ ਨਹੀਂ ਆਏ ਅਤੇ ਕਿਹਾ ਕਿ ਉਨ੍ਹਾਂ ਦਾ ਮੁਲਕ ਅਨਾਜ ਦੀ ਸਪਲਾਈ ਜਾਰੀ ਰੱਖੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment