ਕੋਰੋਨਾ ਨਾਲ ਹਿਲਿਆ ਰੂਸ, ਇੱਕ ਦਿਨ ‘ਚ 10 ਹਜ਼ਾਰ ਤੋਂ ਵੱਧ ਨਵੇਂ ਮਾਮਲੇ

TeamGlobalPunjab
2 Min Read

ਮਾਸਕੋ : ਪੂਰੀ ਦੁਨੀਆ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਚੀਨ, ਅਮਰੀਕਾ, ਸਪੇਨ, ਇਟਲੀ ਤੋਂ ਬਾਅਦ ਹੁਣ ਕੋਰੋਨਾ ਦਾ ਅਗਲਾ ਨਿਸ਼ਾਨਾ ਰੂਸ ਬਣਦਾ ਜਾ ਰਿਹਾ ਹੈ। ਰੂਸ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 10 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜੋ ਰੂਸ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਆਪਣੇ ਆਪ ‘ਚ ਇੱਕ ਵੱਡਾ ਰਿਕਾਰਡ ਹੈ। ਹਾਲਾਂਕਿ, ਅਮਰੀਕਾ, ਸਪੇਨ, ਇਟਲੀ ਵਰਗੇ ਦੇਸ਼ਾਂ ਦੀ ਤੁਲਨਾ ਵਿੱਚ ਰੂਸ ਵਿੱਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਮੌਤ ਦਰ ਬਹੁਤ ਘੱਟ ਹੈ। ਬੀਤੇ ਐਤਵਾਰ ਰੂਸ ਵਿਚ ਕੋਰੋਨਾ ਮਹਾਮਾਰੀ ਨਾਲ 58 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਸੰਕਰਮਿਤ ਮਰੀਜ਼ਾਂ ਦੇ ਮਾਮਲੇ ‘ਚ ਰੂਸ ਪੂਰੀ ਦੁਨੀਆ ‘ਚ ਸੱਤਵੇਂ ਸਥਾਨ ‘ਤੇ ਹੈ।

ਰੂਸ ਦੀ ਰਾਜਧਾਨੀ ਮਾਸਕੋ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਬੀਤੇ ਐਤਵਾਰ  ਮਾਸਕੋ ‘ਚ ਕੋਰੋਨਾ ਦੇ 5948 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਸ਼ਹਿਰ ਵਿੱਚ ਕੁਲ ਕੋਰੋਨਾ ਮਰੀਜ਼ਾਂ ਦੀ ਗਿਣਤੀ 68,606 ਹੋ ਗਈ ਹੈ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਬੀਤੇ ਸ਼ਨੀਵਾਰ ਕਿਹਾ ਸੀ ਕਿ ਸਾਨੂੰ ਸਾਰਿਆਂ ਨੂੰ ਇਸ ਸਮੇਂ ਬਹੁਤ ਚੌਕਸ ਰਹਿਣ ਦੀ ਲੋੜ ਹੈ ਤਾਂ ਜੋ ਕੋਰੋਨਾ ਵਰਗੀ ਜਾਨਲੇਵਾ ਮਹਾਮਾਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਰੂਸ ‘ਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਇਹ ਵਾਇਰਸ ਤੇਜ਼ੀ ਨਾਲ ਰੂਸ ‘ਚ ਆਪਣੇ ਪੈਰ ਪਸਾਰ ਰਿਹਾ ਹੈ।

ਦੱਸ ਦਈਏ ਕਿ ਪਿਛਲੇ ਹਫਤੇ ਰੂਸ ਦੇ ਪ੍ਰਧਾਨਮੰਤਰੀ ਮਿਖਾਇਲ ਮਿਸ਼ੁਸਤੀਨ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਸਨ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਕ ਹੋਰ ਸੀਨੀਅਰ ਮੰਤਰੀ ਵਲਾਦੀਮੀਰ ਯਾਕੂਸ਼ੇਵ ਵੀ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਗਏ ਸਨ। ਕੋਰੋਨਾ ਦੇ ਮਾਮਲੇ ਵਧਣ ਕਾਰਨ ਰੂਸ ਦੀ ਸਰਕਾਰ ਨੇ ਕੋਰੋਨਾ ਟੈਸਟਾਂ ਦੀ ਗਿਣਤੀ ਵਧਾ ਕੇ 40 ਹਜ਼ਾਰ ਪ੍ਰਤੀ ਦਿਨ ਕਰ ਦਿੱਤੀ ਹੈ। ਰੂਸ ‘ਚ ਹੁਣ ਤੱਕ ਕੋਰੋਨਾ ਦੇ  1 ਲੱਖ 45 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ  1356 ਲੋਕਾਂ ਦੀ ਮੌਤ ਹੋ ਚੁੱਕੀ ਹੈ।



Share this Article
Leave a comment