ਚੰਡੀਗੜ੍ਹ : ਖੇਤੀ ਕਾਨੂੰਨ ਖਿਲਾਫ਼ ਸੰਯੁਕਤ ਕਿਸਾਨ ਮੋਰਚਾ ਵੱਲੋਂ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸ ਨੂੰ ਦੇਖਦੇ ਹੋਏ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਨੇ ਆਪਣੀ ਤਿਆਰੀ ਪੂਰੀ ਕਰ ਲਈ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਭਾਰਤ ਬੰਦ 12 ਘੰਟੇ ਲਈ ਕੀਤਾ ਜਾਵੇਗਾ। ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਦੇਸ਼ ਭਰ ਵਿੱਚ ਚੱਕਾ ਜਾਮ ਕੀਤਾ ਜਾਵੇਗਾ।
ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਇਸ ਵਾਰ ਦਾ ਭਾਰਤ ਬੰਦ ਪਹਿਲਾਂ ਨਾਲੋ ਵੱਖ ਹੋਵੇਗਾ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਨੂੰ ਲੋਕਾਂ ਵੱਲੋਂ ਆਪ ਮੁਹਾਰੇ ਹੁੰਗਾਰਾ ਦਿੱਤਾ ਜਾ ਰਿਹਾ ਹੈ। ਭਾਰਤ ਬੰਦ ਦੇ ਸੱਦੇ ਨੂੰ ਵੱਖ-ਵੱਖ ਜਥੇਬੰਦੀਆਂ ਦਾ ਸਮਰਥਨ ਮਿਲ ਰਿਹਾ ਹੈ। ਕੱਲ੍ਹ ਨੂੰ ਟਰ੍ਰੇਡ ਜਥੇਬੰਦੀਆਂ ਵੀ ਭਾਰਤ ਬੰਦ ਲਈ ਆਪਣਾ ਯੋਗਦਾਨ ਪਾਉਣਗੀਆਂ।
ਇਸ ਤੋਂ ਇਲਾਵਾ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਭਾਰਤ ਨੂੰ ਜ਼ਬਰੀ ਬੰਦ ਨਹੀਂ ਕਰਵਾਇਆ ਜਾਵੇਗਾ। ਲੋਕਾਂ ਦੀ ਸਹਿਮਤੀ ਨਾਲ ਹੀ ਭਾਰਤ ਬੰਦ ਹੋਵੇਗਾ, ਲੋਕ ਆਪ ਹੀ ਗੱਡੀਆਂ ਅਤੇ ਟਰੇਨਾਂ ਦਾ ਚੱਕਾ ਜਾਮ ਕਰਨਗੇ। ਇਸ ਦੇ ਨਾਲ ਹੀ ਰੁਲਦੂ ਸਿੰਘ ਮਾਨਸਾ ਨੇ ਕੋਰੋਨਾ ਵਾਇਰਸ ਨੂੰ ਦੁਨੀਆਂ ਦੀ ਤੀਸਰੀ ਜੰਗ ਕਰਾਰ ਦਿੱਤਾ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਸਰਕਾਰਾਂ ਨੇ ਲਿਆਂਦਾ ਹੈ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਨਾਮ ‘ਤੇ ਦੁਨੀਆਂ ਵਿੱਚ ਭਰਮ ਫੈਲਾਇਆ ਜਾ ਰਿਹਾ ਹੈ।