ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਨਗਰ ਨਿਗਮ ਜ਼ੋਨ-ਬੀ ਦਫ਼ਤਰ ‘ਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 20 ਤੋਂ ਕੌਂਸਲਰ ਛਤਰ ਬੀਰ ਸਿੰਘ ਕਮਲ ਅਰੋੜਾ ਅਤੇ ਬੀ ਐਂਡ ਆਰ ਸ਼ਾਖਾ ਦੇ ਨਿਗਰਾਨ ਇੰਜੀਨੀਅਰ ਪਰਵੀਨ ਸਿੰਗਲਾ ਵਿਚਾਲੇ ਤਿੱਖੀ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਦੋਵਾਂ ਪੱਖਾਂ ਵਿਚਕਾਰ ਹੱਥਾਪਾਈ ਹੋਣ ਦੀ ਗੱਲ ਸਾਹਮਣੇ ਆਈ ਹੈ। ਚਰਚਾ ਤਾਂ ਇਹ ਵੀ ਹੋ ਰਹੀ ਹੈ ਕਿ ਕੌਂਸਲਰ ਨੇ ਨਿਗਰਾਨ ਇੰਜੀਨੀਅਰ ਨੂੰ ਥੱਪੜ ਵੀ ਜੜੇ ਤੇ ਕੁਰਸੀ ਵੀ ਤੋੜ ਦਿੱਤੀ।
ਕੌਂਸਲਰ ਨੇ ਦੱਸਿਆ ਕਿ ਉਹ ਨਗਰ ਨਿਗਮ ਜ਼ੋਨ ਵਿੱਚ ਆਪਣੇ ਵਾਰਡ ਨੰਬਰ 20 ਦੇ ਵਿਕਾਸ ਕਾਰਜਾਂ ਨੂੰ ਲੈ ਕੇ ਆਏ ਸੀ ਅਤੇ ਪ੍ਰਵੀਨ ਸਿੰਗਲਾ ਨੂੰ ਮਿਲ ਕੇ ਫ਼ਾਈਲ ਪਾਸ ਕਰਨ ਲਈ ਕਿਹਾ ਸੀ, ਪਰ ਉਨ੍ਹਾਂ ਨੇ ਕੋਈ ਗੱਲ ਨਹੀਂ ਸੁਣੀ। ਇਸ ਤੋਂ ਪਹਿਲਾਂ ਵੀ ਉਹ ਲਗਾਤਾਰ ਵਾਰਡ ਦੇ ਕੰਮ ਲਟਕਾ ਰਹੇ ਸੀ। ਇਸੇ ਗੱਲ ਨੂੰ ਲੈ ਕੇ ਦਫ਼ਤਰ ਵਿੱਚ ਬਹਿਸ ਹੋਣ ਤੋਂ ਬਾਅਦ ਹੱਥੋਪਾਈ ਹੋਈ। ਘਟਨਾ ਤੋਂ ਬਾਅਦ ਪ੍ਰਵੀਨ ਸਿੰਗਲਾ ਜ਼ੋਨ ਬੀ ਦਫ਼ਤਰ ਤੋਂ ਭੱਜ ਕੇ ਜਾਣ ਲੱਗੇ। ਮੀਡੀਆ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਕਿਹਾ ਕਿ ਬਾਅਦ ਵਿੱਚ ਗੱਲ ਕਰਨਗੇ।
ਇਸ ਮਾਮਲੇ ਵਿੱਚ ਪਾਰਸ਼ਦ ਕਮਲ ਅਰੋੜਾ ਚੱਕਰਵੀਰ ਸਿੰਘ ਦੇ ਭਰਾ ਅਮਰੀਕ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 20 ਦੀਆਂ ਕਈ ਫ਼ਾਈਲਾਂ ਅਧਿਕਾਰੀ ਪ੍ਰਵੀਨ ਸਿੰਗਲਾ ਕੋਲ ਰੁਕੀਆਂ ਹੋਈਆਂ ਸਨ। ਅੱਜ ਉਨ੍ਹਾਂ ਦੇ ਭਰਾ ਸੜਕਾਂ ਦੀ ਮੁਰੰਮਤ ਅਤੇ ਨਵੀਂ ਸੜਕ ਬਣਾਉਣ ਲਈ ਜੋ ਫ਼ਾਈਲਾਂ ਦਿੱਤੀਆਂ ਹਨ, ਉਸ ‘ਤੇ ਗੱਲਬਾਤ ਕਰਨ ਗਏ ਸਨ। ਪ੍ਰਵੀਨ ਸਿੰਗਲਾ ਨੇ ਉਨ੍ਹਾਂ ਦੇ ਭਰਾ ਨੂੰ ਪਹਿਲਾਂ ਗਾਲ੍ਹ ਕੱਢੀ, ਜਿਸ ਕਾਰਨ ਮਾਹੌਲ ਖ਼ਰਾਬ ਹੋਇਆ ਅਤੇ ਉਨ੍ਹਾਂ ਦੇ ਭਰਾ ਨਾਲ ਪ੍ਰਵੀਨ ਸਿੰਗਲਾ ਦੀ ਹੱਥੋਪਾਈ ਹੋਈ। ਅਜੇ ਉਨ੍ਹਾਂ ਦੇ ਭਰਾ ਦਾ ਮੋਬਾਈਲ ਬੰਦ ਆ ਰਿਹਾ ਹੈ। ਜਿਵੇਂ ਹੀ ਉਹ ਉਨ੍ਹਾਂ ਦੇ ਸੰਪਰਕ ਵਿੱਚ ਆਉਂਦੇ ਹਨ, ਤਾਂ ਉਹ ਵੀ ਆਪਣਾ ਪੱਖ ਜ਼ਰੂਰ ਰੱਖਣਗੇ।

