ਅਹਿਮਦਾਬਾਦ: ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (GCMMF) ਦੇ ਐਮਡੀ ਆਰ ਐਸ ਸੋਢੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜੀਸੀਐਮਐਮਐਫ ਦੇ ਸੀਓਓ ਜੈਨ ਮਹਿਤਾ ਆਰਐਸ ਸੋਢੀ ਦੀ ਥਾਂ ਲੈਣਗੇ। ਦੱਸ ਦਈਏ ਕਿ GCMMF ਨੂੰ ਆਮ ਤੌਰ ‘ਤੇ ਇਸ ਦੇ ਬ੍ਰਾਂਡ ਅਮੂਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜੈਨ ਮਹਿਤਾ ਨੂੰ ਅਸਥਾਈ ਤੌਰ ‘ਤੇ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ।
ਆਰਐਸ ਸੋਢੀ 1982 ਤੋਂ ਕੰਪਨੀ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਆਪਣਾ ਕਰੀਅਰ ਕੰਪਨੀ ਵਿੱਚ ਇੱਕ ਸੀਨੀਅਰ ਸੇਲਜ਼ ਮੈਨੇਜਰ ਵਜੋਂ ਸ਼ੁਰੂ ਕੀਤਾ। ਇਸ ਤੋਂ ਬਾਅਦ ਉਹ 2000 ਤੋਂ 2004 ਤੱਕ ਕੰਪਨੀ ਦੇ ਜਨਰਲ ਮੈਨੇਜਰ (ਮਾਰਕੀਟਿੰਗ) ਦੇ ਅਹੁਦੇ ‘ਤੇ ਵੀ ਰਹੇ। ਜੂਨ 2010 ਤੋਂ ਉਨ੍ਹਾਂ ਨੂੰ ਅਮੂਲ ਦਾ ਐਮਡੀ ਬਣਾਇਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪਿਛਲੇ 13 ਸਾਲਾਂ ਤੋਂ ਕੰਪਨੀ ਦੇ ਬਤੌਰ ਐਮ.ਡੀ. ਕੰਪਨੀ ਦੀ ਕਮਾਨ ਸੰਭਾਲੀ ਹੋਈ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਸੋਢੀ ਨੂੰ ਐਮਡੀ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੀ ਬੋਰਡ ਮੀਟਿੰਗ ਵਿੱਚ ਲਿਆ ਗਿਆ। ਸੋਢੀ ਨੂੰ ਸਾਲ 2017 ਵਿੱਚ 5 ਸਾਲ ਦਾ ਐਕਸਟੈਂਸ਼ਨ ਦਿੱਤਾ ਗਿਆ ਸੀ।