ਅੰਮ੍ਰਿਤਸਰ : ਕੋਰੋਨਾ ਵਾਇਰਸ ਦੇ ਪ੍ਰਸਾਰ ਵਿਚਾਲੇ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਖਿਲਾਫ਼ ਪ੍ਰਚਾਰ ਵਿੱਚ ਜੁਟੀਆਂ ਹਨ। ਇਸੇ ਤਰ੍ਹਾਂ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੀਟਿੰਗਾਂ ਦਾ ਦੌਰਾ ਲਗਾਤਾਰ ਜਾਰੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਵੱਲੋਂ ਅੰਮ੍ਰਿਤਸਰ ਦੀਆਂ ਵੱਖ-ਵੱਖ ਥਾਵਾਂ ‘ਤੇ ਬੈਠਕਾਂ ਕੀਤੀਆਂ ਗਈਆਂ।
ਇਸ ਦੌਰਾਨ ਕਿਸਾਨਾਂ ਨੇ ਦਾਅਵਾ ਕੀਤਾ ਕਿ ਸਰਕਾਰ ਕੋਰੋਨਾ ਵਾਇਰਸ ਦੇ ਨਾਮ ‘ਤੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਜਿਵੇਂ ਨਾਗਰਿਕਤਾ ਕਾਨੂੰਨ ਦੇ ਖਿਲਾਫ਼ ਅੰਦੋਲਨ ਨੂੰ ਖ਼ਤਮ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਕੋਰੋਨਾ ਸਿਰਫ਼ ਇੱਕ ਸਰਕਾਰੀ ਤੰਤਰ ਦਾ ਤਮਾਸ਼ਾ ਹੈ। ਅਸੀਂ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਇੱਕ ਜੁੱਟ ਹੋ ਰਹੇ ਹਾਂ। ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਮ੍ਰਿਤਸਰ ਦੀਆਂ 80 ਤੋਂ ਵੱਧ ਥਾਵਾਂ ‘ਤੇ 26 ਮਾਰਚ ਨੂੰ ਭਾਰਤ ਬੰਦ ਵਾਲੇ ਦਿਨ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਤੋਂ ਇਲਾਵਾ ਸੂਬੇ ਦੇ ਬਾਕੀ 12 ਜਿਲ੍ਹਿਆਂ ਵਿੱਚ ਵੀ ਸੜਕਾਂ ਅਤੇ ਰੇਲਵੇ ਟਰੈਕ ਜਾਮ ਕੀਤੇ ਜਾਣਗੇ।
ਇਸ ਦੌਰਾਨ ਕਿਸਾਨ ਲੀਡਰਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇਕਰ ਅੱਜ ਸਾਰੇ ਵਿਧਾਇਕਾਂ ਦਾ ਕੋਰੋਨਾ ਟੈਸਟ ਕਰਵਾਉਣ ਦਾ ਅੱਧੇ ਐਮਐਲਏ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣਗੇ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੈਂਸਰ ਦੇ ਨਾਲ ਰੋਜ਼ਾਨਾਂ 61 ਮੌਤਾਂ ਹੋ ਰਹੀਆਂ ਹਨ। ਹੋਰ ਬਿਮਾਰੀਆਂ ਨਾਲ ਵੀ ਲੋਕ ਮਰ ਰਹੇ ਹਨ ਉਹਨਾਂ ਦੇ ਅੰਕੜੇ ਕਿੱਥੇ ਲੁਕਾਏ ਜਾ ਰਹੇ ਹਨ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੋਰੋਨਾ ਨਾਲ ਕਿਸਾਨ ਨਹੀਂ ਮਰੇਗਾ, ਜੇਕਰ ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਕਿਸਾਨ ਜ਼ਰੂਰ ਮਰੇਗਾ।