ਨਕਲੀ ਰੈਮਡੇਸਿਵਰ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 6 ਕਾਬੂ, ਪੁਲਿਸ ਨੇ ਬਰਾਮਦ ਕੀਤੇ ਕਰੋੜਾਂ ਰੁਪਏ

TeamGlobalPunjab
2 Min Read

ਰੂਪਨਗਰ  : ਰੂਪਨਗਰ ਦੀ ਪੁਲਿਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਨਕਲੀ ਰੈਮਡੇਸਿਵਿਰ ਟੀਕੇ ਬਣਾਉਣ ਅਤੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਤੋਂ 2 ਕਰੋੜ ਰੁਪਏ, 4 ਗੱਡੀਆਂ ਅਤੇ 2 ਲੈਪਟਾਪ ਵੀ ਬਰਾਮਦ ਕੀਤੇ ਗਏ ਹਨ।

ਦੱਸ ਦਈਏ ਕਿ ਬੀਤੀ 6 ਮਈ ਨੂੰ ਰੂਪਨਗਰ ਦੀ ਭਾਖੜਾ ਨਹਿਰ ਵਿਚ ਪਿੰਡ ਸਲੇਮਪੁਰ ਅਤੇ ਬਾਲਸੰਢਾ ਨਜ਼ਦੀਕ ਨਹਿਰ ਵਿਚੋਂ ਵੱਡੀ ਮਾਤਰਾ ਵਿਚ ਰੈਮਡੇਸਿਵਿਰ ਇੰਜੈਕਸ਼ਨਾਂ ਸਮੇਤ ਹੋਰ ਵੱਖ-ਵੱਖ ਐਂਟੀਬਾਇਓਟਿਕ ਟੀਕੇ ਤੈਰਦੇ ਮਿਲੇ ਸਨ। ਇਸ ਤੋਂ ਬਾਅਦ ਪੁਲਿਸ ਅਤੇ ਸਿਹਤ ਮਹਿਕਮੇ ਦੀਆਂ ਟੀਮਾਂ ਵੱਲੋਂ ਨਹਿਰ ਵਿੱਚੋਂ ਇਨ੍ਹਾਂ ਟੀਕਿਆਂ ਨੂੰ ਬਾਹਰ ਕੱਢਵਾ ਕੇ ਟੀਕਿਆਂ ਦੀ ਜਾਂਚ ਕੀਤੀ ਗਈ ਤਾਂ ਇਹ ਟੀਕੇ ਨਕਲੀ ਪਾਏ ਗਏ। ਇਸ ਤੋਂ ਬਾਅਦ ਸ੍ਰੀ ਚਮਕੌਰ ਸਾਹਿਬ ਪੁਲਿਸ ਵੱਲੋਂ ਮਾਮਲੇ ਵਿਚ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਤਾਂ ਪੁਲਿਸ ਜੁਰਮ ਦੀਆਂ ਪੈੜਾਂ ਨੱਪਦੇ ਹੋਏ ਦੋਸ਼ੀਆਂ ਤੱਕ ਪਹੁੰਚ ਗਈ ।

ਇਸ ਮਾਮਲੇ ਬਾਰੇ ਐਸਐਸਪੀ ਰੂਪਨਗਰ ਨੇ ਦੱਸਿਆ ਕਿ ਭਾਖੜਾ ਨਹਿਰ ਵਿਚੋਂ 6 ਮਈ ਨੂੰ ਰੇਮਡੇਸਿਵਰ ਤੇ ਹੋਰ ਬਿਨ੍ਹਾਂ ਲੇਬਲ ਦੀਆਂ  ਸੈਂਕੜੇ ਸ਼ੀਸ਼ਿਆਂ ਤੈਰਦੀਆਂ ਮਿਲਣ ਦੇ ਮਾਮਲੇ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

(6 ਮਈ ਦੀ ਤਸਵੀਰ)

ਮੁਲਜ਼ਮਾਂ ਦੀ ਪਛਾਣ ਮੁੱਜ਼ਫ਼ਰਨਗਰ ਦੇ ਪਿੰਡ ਖੁੱਡਾ ਦੇ ਮੁਹੰਮਦ ਸਾਹਵਰ, ਬਾਗਪਤ ਦੇ ਅਰਸਦ ਖਾਨ, ਸਹਾਰਨਪੁਰ ਦੇ ਮੁਹੰਮਦ ਅਰਸਦ, ਕੁਰੂਕੇਸ਼ਤਰ ਦੇ ਪ੍ਰਦੀਪ ਸਰੋਹਾ ਤੇ ਸ਼ਾਹ ਨਜ਼ਰ ਅਤੇ ਸ਼ਾਹ ਆਲਮ ਪਿੰਡ ਬਹਿਲੋਲਪੁਰ ਮੁਹਾਲੀ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ 2 ਕਰੋੜ ਰੁਪਏ, 4 ਵੱਖ- ਵੱਖ ਕਾਰਾਂ ਤੋਂ ਇਲਾਵਾ ਸ਼ੀਸ਼ੀਆਂ ਲਈ ਵਰਤੇ ਗਏ ਡਿਜ਼ਾਇਨ ਅਤੇ ਪੈਕਿੰਗ ਸਮੱਗਰੀ ਬਰਾਮਦ ਹੋਈ ਹੈ। ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

 

 

Share This Article
Leave a Comment