ਨਿਊਯਾਰਕ: ਅਮਰੀਕਾ ਵਿਚ ਲਗਾਤਾਰ ਹੋ ਰਹੇ ਹਿੰਸਕ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਵਿਸਕੌਨਸਿਨ ਸੂਬੇ ਦੇ ਕੈਨੋਸ਼ਾ ਸ਼ਹਿਰ ‘ਚ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਪਰਿਵਾਰ ਦੀ ਕਾਰ ਡੀਲਰਸ਼ਿਪ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਭਾਰਤੀ ਪਰਿਵਾਰ ਮੁਤਾਬਕ ਲਗਭਗ 100 ਗੱਡੀਆਂ ਸੜ ਗਈਆਂ ਅਤੇ ਉਨ੍ਹਾਂ ਨੂੰ 25 ਲੱਖ ਡਾਲਰ ਦਾ ਨੁਕਸਾਨ ਹੋਇਆ ਹੈ।
ਅਨਮੋਲ ਖਿਦਰੀ ਨੇ ਦੱਸਿਆ ਕਿ ਉਹ ਪ੍ਰਦਰਸ਼ਨਕਾਰੀਆਂ ਸਾਹਮਣੇ ਕੁਝ ਨਹੀਂ ਕਰ ਸਕਿਆ ਅਤੇ ਕੁਝ ਹੀ ਮਿੰਟਾਂ ‘ਚ ਦੇਖਦੇ-ਦੇਖਦੇ ਸਾਰੀ ਡੀਲਰਸ਼ਿਪ ਸੜ ਕੇ ਸੁਆਹ ਹੋ ਗਈ। ਕਾਰ ਡੀਲਰਸ਼ਿਪ ਦੇ ਨੇੜੇ ਰਹਿੰਦੀ ਮਹਿਲਾ ਨੇ ਅੱਗ ਲੱਗਣ ‘ਤੇ ਫ਼ਾਇਰ ਸਰਵਿਸ ਨੂੰ ਸੂਚਿਤ ਕੀਤਾ ਤਾਂ ਅੱਗੋਂ ਜਵਾਬ ਮਿਲਿਆ ਕਿ ਇਸ ਵੇਲੇ ਫ਼ਾਇਰ ਫਾਈਟਰਜ਼ ਦਾ ਮੌਕੇ ਤੇ ਪਹੁੰਚਣਾ ਖ਼ਤਰੇ ਤੋਂ ਖਾਲੀ ਨਹੀਂ।
ਭਾਰਤੀ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਇਸ ਝਗੜੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਸੀ, ਅਸੀਂ ਖੁਦ ਘੱਟ ਗਿਣਤੀਆਂ ਦੇ ਹਾਂ ਤੇ ਅਸੀਂ ਅਜਿਹੇ ਅਮਰੀਕਾ ਵਾਰੇ ਕਦੇ ਸੋਚਿਆ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਸਾਡੇ ਮਾਪਿਆਂ ਨੇ ਗੈਸ ਸਟੇਸ਼ਨਾਂ ਅਤੇ ਰੈਸਟੋਰੈਂਟ ਤੇ ਕੰਮ ਕਰ ਕੇ ਪੈਸਾ ਜੋੜਿਆ ਜਿਸ ਰਾਹੀਂ ਅਸੀਂ ਕਾਰ ਡੀਲਰਸ਼ਿਪ ਖਰੀਦੀ ਸੀ। ਸ਼ੁਰੂਆਤ ਸਿਰਫ਼ ਛੇ ਕਾਰਾਂ ਤੋਂ ਕੀਤੀ ਜੋ 100 ਕਾਰਾਂ ਦੇ ਕਾਰੋਬਾਰ ਵਿਚ ਤਬਦੀਲ ਹੋ ਗਈ ਪਰ ਹੁਣ ਸਭ ਕੁਝ ਸੜ ਕੇ ਸੁਆਹ ਹੋ ਗਿਆ ਹੈ।
ਦਸ ਦਈਏ ਜਾਰਜ ਫ਼ਲਾਇਡ ਦੀ ਪੁਲਿਸ ਹੱਥੋਂ ਮਾਰੇ ਜਾਣ ਤੋਂ ਬਾਅਦ ਬੀਤੀ 23 ਅਗਸਤ ਨੂੰ ਕੈਨੋਸ਼ਾ ਪੁਲਿਸ ਨੇ ਜੈਕਬ ਬਲੇਕ ਦੀ ਪਿੱਠ ਵਿਚ ਗੋਲੀਆਂ ਮਾਰੀਆਂ ਸਨ। ਜੈਕਬ ਦੀ ਜਾਨ ਤਾਂ ਬਚ ਗਈ ਭਰ ਉਹ ਸਦਾ ਲਈ ਅਪਾਹਜ ਬਣ ਗਿਆ ਹੈ ਅਤੇ ਇਨ੍ਹਾਂ ਘਟਨਾਵਾਂ ਕਾਰਨ ਅਮਰੀਕੀ ਲੋਕਾਂ ‘ਚ ਰੋਸ ਹੈ।