ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੀ ਕੈਪਟਨ ਵਿਰੁੱਧ ਬਗ਼ਾਵਤ, ਕਰ ਦਿੱਤੀ ਲੀਡਰਸ਼ਿਪ ਬਦਲਣ ਦੀ ਮੰਗ

TeamGlobalPunjab
3 Min Read

ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਹੁਣ ਸਭਕੁਝ ਠੀਕ ਨਹੀਂ ਰਿਹਾ, ਨਵਜੋਤ ਸਿਧੂ ਦੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭਾਲਣ ਤੋਂ ਠੀਕ ਇੱਕ ਮਹੀਨੇ ਬਾਅਦ ਮੰਗਲਵਾਰ ਨੂੰ ਪਾਰਟੀ ਵਿੱਚ ਪਹਿਲਾ ਵੱਡਾ ਧਮਾਕਾ ਹੋ ਗਿਆ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਵਤ ਹੋ ਚੁੱਕੀ ਹੈ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਹੋਈ ਮੀਟਿੰਗ ਤੋਂ ਬਾਅਦ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੀ ਮੰਗ ਚੁੱਕੀ ਗਈ ਹੈ। ਇਸ ਤੋਂ ਬਾਅਦ, ਪੰਜਾਬ ਕਾਂਗਰਸ ਦੇ ਹਾਲ ਹੀ ਵਿੱਚ ਥਾਪੇ ਗਏ ਜਨਰਲ ਸਕੱਤਰ ਪ੍ਰਗਟ ਸਿੰਘ ਦੇ ਨਾਲ, 4 ਮੰਤਰੀ ਅਸੰਤੁਸ਼ਟ ਵਿਧਾਇਕਾਂ ਦਾ ਪੱਖ ਲੈਂਦੇ ਹੋਏ ਦਿੱਲੀ ਲਈ ਰਵਾਨਾ ਹੋਣ ਲਈ ਤਿਆਰ ਹਨ। ਜਿਹਨਾਂ ਚਾਰ ਮੰਤਰੀਆਂ ਨੇ ਮੁੱਖ ਮੰਤਰੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ ਉਹ ਹਨ,  ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ ਅਤੇ ਚਰਨਜੀਤ ਸਿੰਘ ਚੰਨੀ ਹਨ।

ਮੀਟਿੰਗ ਤੋਂ ਬਾਅਦ ਮੰਤਰੀ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ ਅਤੇ ਤ੍ਰਿਪਤ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਆਗੂ ਅਤੇ ਵਰਕਰ ਚਿੰਤਤ ਹਨ ਕਿ ਕਾਂਗਰਸ ਦੇ 2017 ਦੀਆਂ ਚੋਣਾਂ ਦੇ ਵਾਅਦੇ ਪੂਰੇ ਨਹੀਂ ਕੀਤੇ ਗਏ। ਬਰਗਾੜੀ ਕਾਂਡ, ਡਰੱਗ ਡੀਲਰਾਂ ਦੀ ਗ੍ਰਿਫਤਾਰੀ, ਬਿਜਲੀ ਸਮਝੌਤੇ ਦਾ ਮੁੱਦਾ, ਬੱਸ, ਕੇਬਲ ਨੈੱਟਵਰਕ, ਰੇਤ ਮਾਫੀਆ, ਦਲਿਤ ਮੁੱਦਿਆਂ ‘ਤੇ ਕਾਰਵਾਈ ਨਹੀਂ ਕੀਤੀ ਜਾ ਰਹੀ।

ਤ੍ਰਿਪਤ ਰਜਿੰਦਰ ਬਾਜਵਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੁੱਖ ਮੰਤਰੀ ਬਾਦਲਾਂ ਨਾਲ ਰਲ ਕੇ ਸਾਢੇ ਚਾਰ ਸਾਲ ਬਿਤਾ ਚੁੱਕੇ ਹਨ, ਉਹਨਾਂ ਵੱਲੋਂ ਅਨੇਕਾਂ ਵਾਰ ਮੁੱਖ ਮੰਤਰੀ ਨੂੰ ਲੋਕਾਂ ਨਾਲ ਕੀਤੇ ਵਾਅਦਿਆਂ ਬਾਰੇ ਯਾਦ ਕਰਵਾਇਆ ਗਿਆ, ਪਰ ਹਰ ਵਾਰ ਉਨ੍ਹਾਂ ਨੂੰ ਅਣਸੁਣਿਆ ਕਰ ਦਿੱਤਾ ਗਿਆ। ਓਧਰ ਚਰਨਜੀਤ ਚੰਨੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵਿਧਾਇਕਾਂ ਦਾ ਭਰੋਸਾ ਗੁਆ ਚੁੱਕੇ ਹਨ , ਕਾਂਗਰਸ ਹਾਈਕਮਾਨ ਨੂੰ ਹੁਣ ਪੰਜਾਬ ਦੀ ਲੀਡਰਸ਼ਿਪ ਨੂੰ ਬਦਲਣ ਬਾਰੇ ਠੋਸ ਕਦਮ ਚੁੱਕਣਾ ਚਾਹੀਦਾ ਹੈ।

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਸੀਂ ਮੰਤਰੀ ਦੇ ਤੌਰ ਤੇ ਆਪਣੀ ਜ਼ਿੰਮੇਵਾਰੀ ਸ਼ਿੱਦਤ ਨਾਲ ਨਿਭਾਈ ਹੈ, ਸਾਨੂੰ ਮੰਤਰੀ ਅਹੁਦੇ ਜਾਣ ਦਾ ਕੋਈ ਡਰ ਨਹੀਂ ਹੈ। ਰੰਧਾਵਾ ਦੇ ਇਸ ਬਿਆਨ ਤੋਂ ਇਹ ਸਪਸ਼ਟ ਸੰਕੇਤ ਮਿਲ ਰਹੇ ਹਨ ਕਿ ਕੈਪਟਨ ਦੇ ਵਿਰੋਧ ਵਿਚ ਆਉਣ ਵਾਲੇ ਮੰਤਰੀਆਂ ਨੂੰ ਆਪਣਾ ਵਿਭਾਗ ਬਦਲਣ ਜਾਂ ਮੰਤਰੀ ਮੰਡਲ ਜਾਣ ਦਾ ਵੀ ਡਰ ਹੈ।

- Advertisement -

ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਪੂਰੇ ਮਾਮਲੇ ‘ਤੇ ਚੁੱਪੀ ਧਾਰੀ ਬੈਠੇ ਹਨ। ਜਿਸ ਤੋਂ ਸਾਫ ਹੈ ਕਿ ਕੈਪਟਨ ਵਿਰੁੱਧ ਬਗਾਵਤ ਨੂੰ ਨਵਜੋਤ ਸਿੱਧੂ ਦੀ ਵੀ ਸਹਿਮਤੀ ਹੈ।

ਫਿਲਹਾਲ ਪੰਜਾਬ ਕਾਂਗਰਸ ਵਿੱਚ ਵੱਡਾ ਧਮਾਕਾ ਹੋ ਚੁੱਕਾ ਹੈ, ਇਸ ਵੇਲੇ ਸਵਾਲ ਹੁਣ ਵੱਕਾਰ ਦਾ ਬਣ ਚੁੱਕਾ ਹੈ। ਫਿਲਹਾਲ ਵੇਖਣਾ ਇਹ ਹੋਵੇਗਾ ਕਿ ਕਾਂਗਰਸ ਹਾਈਕਮਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਬਣਾਏ ਜਾ ਰਹੇ ਦਬਾਅ ਤੋਂ ਬਾਅਦ ਕੀ ਫੈਸਲਾ ਕਰਦਾ ਹੈ। ਉਧਰ ਵਿਰੋਧੀ ਧਿਰਾਂ ਨੂੰ ਇਕ ਵਾਰ ਫਿਰ ਬੈਠੇ ਬਿਠਾਏ ਵੱਡਾ ਮੁੱਦਾ ਮਿਲ ਗਿਆ ਹੈ, ਜਿਸ ਨੂੰ ਭੁਣਾਉਣ ਵਿਚ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ।

Share this Article
Leave a comment