ਮਿਸੀਸਾਗਾ: ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਵਿਚਾਲੇ ਮਿਸੀਸਾਗਾ ਸਥਿਤ ਕੈਨੇਡਾ ਪੋਸਟ ਦੀ ਗੇਟਵੇਅ ਫੈਸਿਲਿਟੀ ਵਿਖੇ ਰਿਟਾਇਰਮੈਂਟ ਪਾਰਟੀ ਕਰਨ ਦੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਵਰਕਰਾਂ ਵੱਲੋਂ ਕੋਵਿਡ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਇਸ ਦੀ ਸ਼ਹਿਰ ਦੀ ਮੇਅਰ ਨੇ ਸਖ਼ਤ ਨਿੰਦਾ ਕੀਤੀ ਹੈ।
ਮੇਅਰ ਨੇ ਕਿਹਾ ਕਿ ਇਹ ਬਹੁਤ ਹੀ ਗੈਰਜਿ਼ੰਮੇਵਾਰਾਨਾ ਹਰਕਤ ਹੈ ਤੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਇਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਗੇਟਵੇਅ ਪਲਾਂਟ ਨੂੰ ਪਹਿਲਾਂ ਹੀ ਕੋਵਿਡ-19 ਮਾਮਲੇ ਆਉਣ ਤੋਂ ਬਾਅਦ ਅੰਸ਼ਕ ਤੌਰ ਉੱਤੇ ਬੰਦ ਰੱਖਿਆ ਜਾ ਰਿਹਾ ਹੈ। ਬੀਤੇ ਹਫਤੇ ਹੀ ਪੀਲ ਪਬਲਿਕ ਹੈਲਥ ਵੱਲੋਂ 80 ਵਰਕਰਜ਼ ਨੂੰ 10 ਦਿਨਾਂ ਲਈ ਸੈਲਫ ਆਈਸੋਲੇਟ ਹੋਮ ਵਿੱਚ ਭੇਜਿਆ ਗਿਆ ਸੀ।
ਉੱਥੇ ਹੀ ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਅਸੀਂ ਰਿਟਾਇਰ ਹੋ ਰਹੇ ਮੁਲਾਜ਼ਮਾਂ ਲਈ ਅਪਰੈਲ ਦੇ ਸ਼ੁਰੂ ਵਿੱਚ ਕੀਤੀ ਪਾਰਟੀ ਸਬੰਧੀ ਜਾਣਦੇ ਹਾਂ।ਉਨ੍ਹਾਂ ਕਿਹਾ ਕੈਨੇਡਾ ਪੋਸਟ ਤੇ ਉਸ ਦੇ ਮੁਲਾਜ਼ਮਾਂ ਵੱਲੋਂ ਪਬਲਿਕ ਹੈਲਥ ਨਿਯਮਾਂ ਦੀ ਪਾਲਣਾ ਕਰਦਿਆਂ ਕਾਫੀ ਮਿਹਨਤ ਨਾਲ ਕੰਮ ਕੀਤਾ ਗਿਆ ਤੇ ਲੋਕਾਂ ਨੂੰ ਮਹਾਂਮਾਰੀ ਦੌਰਾਨ ਸੇਫ ਰੱਖਣ ਦੀ ਕੋਸ਼ਿਸ਼ ਕੀਤੀ ਗਈ।
ਅਸੀਂ ਕਿਸੇ ਵੀ ਕਾਰਨ ਫੈਸਿਲਿਟੀ ਵਿੱਚ ਕਿਸੇ ਕਿਸਮ ਦੇ ਇੱਕਠ ਦੀ ਇਜਾਜ਼ਤ ਨਹੀਂ ਦਿੰਦੇ। ਇਸ ਤਰ੍ਹਾਂ ਦੀ ਪਾਰਟੀ ਕਰਨ ਵਿੱਚ ਸ਼ਾਮਲ ਮੁਲਾਜ਼ਮਾਂ ਨਾਲ ਅਸੀਂ ਸਿੱਧੇ ਤੌਰ ਉੱਤੇ ਗੱਲ ਕੀਤੀ ਹੈ ਤੇ ਸਾਰੇ ਮੁਲਾਜ਼ਮਾਂ ਨੂੰ ਸੇਫਟੀ ਸਬੰਧੀ ਨਿਯਮਾਂ ਦੀ ਅਹਿਮੀਅਤ ਤੋਂ ਮੁੜ ਜਾਣੂ ਕਰਵਾਇਆ ਹੈ।