ਆਈਆਈਟੀ ਰੋਪੜ ਦੇ ਖੋਜਕਰਤਾਵਾਂ ਨੇ ਬਣਾਇਆ ਇਨਫਰਾਰੈੱਡ ਵਿਜ਼ਨ ਸਿਸਟਮ, ਕੋਰੋਨਾ ਦੇ ਲੱਛਣਾਂ ਦੀ ਕਰੇਗਾ ਪਛਾਣ

TeamGlobalPunjab
3 Min Read

 ਨਵੀਂ ਦਿੱਲੀ : ਪੂਰੀ ਦੁਨੀਆ ਇਸ ਸਮੇਂ ਕੋਰੋਨਾ ਮਹਾਮਾਰੀ ਦੇ ਵਿਰੁੱਧ ਲੜਾਈ ਲੜ ਰਹੀ ਹੈ। ਪੂਰੀ ਦੁਨੀਆ ‘ਚ ਇਸ ਮਹਾਮਾਰੀ ਨਾਲ ਲੜਨ ਲਈ ਨਵੇਂ-ਨਵੇਂ ਤਰੀਕੇ ਅਤੇ ਵੈਕਸੀਨ ਦੀ ਖੋਜ ਕੀਤੀ ਜਾ ਰਹੀ ਹੈ। ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਇਸ ਦੇ ਸ਼ੱਕੀ ਮਰੀਜ਼ਾਂ ਦਾ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ। ਜਿਸ ਦੀ ਮਦਦ ਨਾਲ ਹੀ ਇਸ ਮਹਾਮਾਰੀ ਨੂੰ ਕੁਝ ਹੱਦ ਫੈਲਣ ਤੋਂ ਰੋਕਿਆ ਜਾ ਸਕਦਾ ਹੈ।ਇਸ ‘ਚ ਹੀ ਆਈਆਈਟੀ ਰੋਪੜ ਦੇ ਖੋਜਕਰਤਾਵਾਂ ਨੇ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦਾ ਪਤਾ ਲਗਾਉਣ ਲਈ ਇਕ ਇਨਫਰਾਰੈੱਡ ਵਿਜ਼ਨ ਸਿਸਟਮ ਤਿਆਰ ਕੀਤਾ ਹੈ। ਹਾਲਾਂਕਿ ਇਸਦਾ ਦਾ ਕਲੀਨਿਕਲ ਟ੍ਰਾਇਲ ਅਜੇ ਕਰਨਾ ਬਾਕੀ ਹੈ।

ਖੋਜਕਰਤਾਵਾਂ ਦੇ ਅਨੁਸਾਰ ਇਹ ਉਪਕਰਣ ਰਿਮੋਟ ਨਾਲ ਕੰਮ ਕਰੇਗਾ। ਇਹ ਦੂਰ ਤੋਂ ਹੀ ਸਰੀਰ ਦੇ ਤਾਪਮਾਨ ਨੂੰ ਮਾਪ ਕੇ ਕੋਵਿਡ -19 ਦੇ ਲੱਛਣਾਂ ਦੀ ਪਛਾਣ ਕਰਨ ਦੇ ਯੋਗ ਹੈ। ਇਹ ਉਪਕਰਣ ਹੈਂਡਹੋਲਡ ਸਕੈਨਰਾਂ ਲਈ ਇੱਕ ਸੁਰੱਖਿਅਤ ਵਿਕਲਪ ਹੋ ਸਕਦਾ ਹੈ।ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਆਈਆਈਟੀ ਰੋਪੜ ਦੇ ਐਸੋਸੀਏਟ ਪ੍ਰੋਫੈਸਰ ਰਵੀ ਬਾਬੂ ਮੂਲਵੀਸ਼ਲਾ ਨੇ ਕਿਹਾ ਕਿ ਉਹ ਉਪਕਰਣ ਖ਼ੁਦ ਵਿਅਕਤੀ ਦੇ ਤੰਦਰੁਸਤ ਜਾਂ ਕੋਰੋਨਾ ਸ਼ੱਕੀ ਮਰੀਜ਼ ਦਾ ਪਤਾ ਲਗਾਉਣ ਦੇ ਸਮਰਥ ਹੈ। ਪ੍ਰੋਫੈਸਰ ਰਵੀਬਾਬੂ ਨੇ ਕਿਹਾ ਕਿ ਇਹ ਉਪਕਰਣ ਕਲੀਨਿਕਲ ਅਜ਼ਮਾਇਸ਼ ਲਈ ਤਿਆਰ ਹੈ ਅਤੇ ਇਸਦੇ ਲਈ ਆਈਆਈਟੀ ਰੋਪੜ ਨੇ ਮੈਡੀਕਲ ਉਦਯੋਗ ਨਾਲ ਜੁੜੇ ਮਾਹਰਾਂ ਨੂੰ ਸੁਚਿਤ ਵੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਡਿਵਾਈਸ ਬੁਖਾਰ ਦਾ ਵੀ ਪਤਾ ਲਗਾਉਣ ‘ਚ ਸਮਰਥ ਹੈ।

ਖੋਜਕਰਤਾਵਾਂ ਨੇ ਦੱਸਿਆ ਕਿ ਇਨਫਰਾਰੈੱਡ ਵਿਜ਼ਨ ਸਿਸਟਮ ਸਰੀਰ ਵਿਚੋਂ ਨਿਕਲ ਰਹੇ ਇਨਫਰਾਰੈੱਡ ਰੇਡੀਏਸ਼ਨ ਦੀ ਜਾਂਚ ਕਰੇਗਾ ਅਤੇ ਇਹ ਪਤਾ ਲਗਾਵੇਗਾ ਕਿ ਵਿਅਕਤੀ ਬਿਮਾਰ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਸਦੀ ਵਰਤੋਂ ਵੱਧ ਭੀੜ ਵਾਲੇ ਸਥਾਨ ਜਿਵੇਂ ਰੇਲਵੇ ਸਟੇਸ਼ਨਾਂ, ਏਅਰਪੋਰਟ ਬੱਸ ਅੱਡਿਆਂ, ਮਾਲਾਂ ਅਤੇ ਸਿਨੇਮਾ ਘਰਾਂ ਵਿੱਚ ਕੀਤੀ ਜਾ ਸਕਦੀ। ਇਹ ਜਾਂਚ ਪ੍ਰਕਿਰਿਆ ਦੌਰਾਨ ਸੰਕਰਮਣ ਦੇ ਜੋਖਿਮ ਨੂੰ ਘੱਟ ਕਰਨ ‘ਚ ਮਦਦਗਾਰ ਸਾਬਿਤ ਹੋਵੇਗਾ।ਇਹ ਡਿਵਾਈਸ ਕਿਸੇ ਵੀ ਵਿਅਕਤੀ ਦੇ ਚਿਹਰੇ ਦੀਆਂ ਇਨਫਰਾਰੈੱਡ ਤਸਵੀਰਾਂ ਖਿੱਚਦਾ ਹੈ ਅਤੇ ਬਿਨਾਂ ਕਿਸੇ ਤਾਰ ਤੋਂ ਇਸ ਨੂੰ ਟੈਸਟਿੰਗ ਮਸ਼ੀਨ ਤੱਕ ਭੇਜਦਾ ਹੈ। ਲਗਭਗ ਦੋ ਸਕਿੰਟਾਂ ਵਿੱਚ ਇਹ ਡਿਵਾਈਸ ਸ਼ੱਕੀ ਮਰੀਜ਼ ਦਾ ਪਤਾ ਲਗਾਉਣ ‘ਚ ਸਮਰਥ ਹੈ। ਖੋਜਕਰਤਾਵਾਂ ਨੇ ਦੱਸਿਆ ਕਿ ਇਹ ਉਪਕਰਣ ਕੋਰੋਨਾ ਖਿਲਾਫ ਯੁੱਧ ਵਿਚ ਇਕ ਮਹੱਤਵਪੂਰਨ ਹਥਿਆਰ ਸਾਬਤ ਹੋ ਸਕਦਾ ਹੈ। ਖੋਜਕਰਤਾ ਦੇ ਅਨੁਸਾਰ, ਇਨਫਰਾਰੈੱਡ ਵਿਜ਼ਨ ਸਿਸਟਮ ਇੱਕ ਘੱਟ ਕੀਮਤ ਵਾਲਾ ਉਪਕਰਣ ਹੈ ਅਤੇ ਇਹ ਬਿਨਾਂ ਕਿਸੇ ਮਨੁੱਖੀ ਦਖਲ ਦੇ ਸੁਰੱਖਿਅਤ ਢੰਗ ਨਾਲ ਜਾਣਕਾਰੀ ਦਿੰਦਾ ਹੈ। ਡਿਵਾਈਸ 160×120 ਪਿਕਸਲ ਰੈਜ਼ੋਲੂਸ਼ਨ ਨਾਲ ਤਾਪਮਾਨ ਨੂੰ ਮਾਪਦਾ ਹੈ ਤੇ ਇਸ ਡਿਵਾਈਸ ਦਾ ਭਾਰ 400 ਗ੍ਰਾਮ ਤੋਂ ਘੱਟ ਹੈ।

Share This Article
Leave a Comment