20 ਜੁਲਾਈ ਨੂੰ ਕੋਵਿਡ ਦੇ ਹਾਲਾਤ ਦੀ ਦੁਬਾਰਾ ਹੋਵੇਗੀ ਸਮੀਖਿਆ
ਚੰਡੀਗੜ੍ਹ : ਸੂਬੇ ਵਿੱਚ ਕੋਵਿਡ ਦੀ ਪਾਜ਼ੇਟਿਵਿਟੀ ਦਰ ਘਟ ਕੇ 0.4 ਫੀਸਦੀ ਆਉਣ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਹਫਤੇ ਦੇ ਅੰਤਲੇ ਦਿਨਾਂ (ਵੀਕੈਂਡ) ਅਤੇ ਰਾਤ ਦੇ ਕਰਫਿਊ ਨੂੰ ਹਟਾਉਣ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਸੋਮਵਾਰ ਤੋਂ ਅੰਦਰੂਨੀ ਇਕੱਠਾਂ (ਇੰਡੋਰ) ਵਿੱਚ 100 ਵਿਅਕਤੀਆਂ ਅਤੇ ਖੁੱਲ੍ਹੇ ਵਿੱਚ (ਆਊਟਡੋਰ) 200 ਵਿਅਕਤੀਆਂ ਦੇ ਇਕੱਠ ਕਰਨ ਦੀ ਵੀ ਇਜਾਜ਼ਤ ਦਿੱਤੀ। ਡੀ.ਜੀ.ਪੀ. ਨੂੰ ਕੋਵਿਡ ਨਿਯਮਾਂ ਦੀ ਉਲੰਘਣਾ ਕਰ ਕੇ ਰੈਲੀਆਂ ਤੇ ਰੋਸ ਮੀਟਿੰਗਾਂ ਕਰਨ ਵਾਲੀਆਂ ਸਾਰੀਆਂ ਰਾਜਸੀ ਪਾਰਟੀਆਂ ਦੇ ਚਲਾਨ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਭਾਵੇਂ ਕਿ ਆਸ ਪ੍ਰਗਟਾਈ ਕਿ ਰਾਜਸੀ ਪਾਰਟੀਆਂ ਅਤੇ ਆਗੂਆਂ ਵੱਲੋਂ ਚੰਗਾ ਵਰਤਾਰਾ ਦਿਖਾਇਆ ਜਾਵੇਗ ਪਰ ਉਨ੍ਹਾਂ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਜਾਰੀ ਕੀਤੇ ਜਾਣ।
With the state’s #COVID19 positivity rate sliding to 0.4%, Chief Minister @Capt_Amarinder Singh ordered lifting of weekend & night curfew, and allowed gatherings of 100 persons indoors and 200 outdoors from Monday.https://t.co/ORaSEwL2Gi
— CMO Punjab (@CMOPb) July 9, 2021
ਮੁੱਖ ਮੰਤਰੀ ਨੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾਅ, ਤੈਰਾਕੀ ਪੂਲ, ਜਿੰਮ, ਮਾਲ, ਖੇਡ ਕੰਪਲੈਕਸ, ਮਿਊਜ਼ੀਅਮ, ਚਿੜਿਆ ਘਰ ਆਦਿ ਖੋਲ੍ਹਣ ਦੇ ਵੀ ਹੁਕਮ ਕੀਤੇ ਬਸ਼ਰਤੇ ਸਾਰੇ ਯੋਗ ਸਟਾਫ ਮੈਂਬਰ ਅਤੇ ਵਿਜ਼ਟਰਜ਼ ਦੇ ਟੀਕੇ ਦੀ ਘੱਟੋ-ਘੱਟ ਇਕ ਖੁਰਾਕ ਜ਼ਰੂਰ ਲੱਗੀ ਹੋਵੇ।
ਸਕੂਲ ਭਾਵੇਂ ਨਿਰੰਤਰ ਬੰਦ ਰਹਿਣਗੇ ਪਰ ਕਾਲਜਾਂ, ਕੋਚਿੰਗ ਸੈਂਟਰਾਂ ਤੇ ਸਾਰੇ ਹੋਰ ਉਚੇਰੀ ਸਿੱਖਿਆ ਵਾਲੀਆਂ ਸੰਸਥਾਵਾਂ ਨੂੰ ਸਬੰਧਤ ਡਿਪਟੀ ਕਮਿਸ਼ਨਰਾਂ ਵੱਲੋਂ ਖੋਲ੍ਹਣ ਦੀ ਆਗਿਆ ਹੋਵੇਗੀ ਬਸ਼ਰਤੇ ਉਨ੍ਹਾਂ ਨੂੰ ਸਰਟੀਫਿਕੇਟ ਦੇਣਾ ਪਵੇਗਾ ਕਿ ਸਾਰੇ ਟੀਚਿੰਗ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਦੇ ਦੋ ਹਫਤੇ ਪਹਿਲਾਂ ਟੀਕਾਕਰਨ ਦੀ ਘੱਟੋ-ਘੱਟ ਇਕ ਖੁਰਾਕ ਜ਼ਰੂਰ ਲੱਗੀ ਹੋਵੇ।
ਕੋਵਿਡ ਦੀ ਸਥਿਤੀ ਦੀ ਵਰਚੁਅਲ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 20 ਜੁਲਾਈ ਨੂੰ ਕੋਵਿਡ ਦੇ ਹਾਲਾਤ ਦੀ ਦੁਬਾਰਾ ਸਮੀਖਿਆ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਬੰਦਿਸ਼ਾਂ ਵਿੱਚ ਛੋਟ ਦਿੰਦਿਆਂ ਹਰ ਹਾਲ ਵਿੱਚ ਮਾਸਕ ਦੀ ਵਰਤੋਂ ਸਖਤੀ ਨਾਲ ਕੀਤੀ ਜਾਵੇ।
ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਚਾਰ ਜ਼ਿਲ੍ਹਿਆਂ ਵਿੱਚ ਪਾਜ਼ੇਟਿਵਟੀ ਦਰ ਇਕ ਫੀਸਦੀ ਜਾਂ ਇਸ ਤੋਂ ਘੱਟ ਹੈ ਪਰ ਹਾਲੇ ਵੀ ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਚੌਕਸੀ ਵਰਤਣ ਦੀ ਲੋੜ ਹੈ।
ਬਲੈਕ ਫੰਗਸ ਜਿਸ ਦੇ ਕਿ 8 ਜੁਲਾਈ ਨੂੰ 623 ਮਰੀਜ਼ ਰਿਪੋਰਟ ਹੋਏ, ਦੇ ਕੇਸਾਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਆਖਿਆ ਕਿ ਅਜਿਹੇ ਮਰੀਜ਼ਾਂ ਦੇ ਇਲਾਜ ਲਈ ਸਹਿਯੋਗ ਤੇ ਮਦਦ ਵਾਸਤੇ ਤਜਵੀਜ਼ ਤਿਆਰ ਕੀਤੀ ਜਾਵੇ। ਸਿਹਤ ਸਕੱਤਰ ਨੇ ਮੀਟਿੰਗ ਵਿੱਚ ਦੱਸਿਆ ਕਿ 623 ਕੇਸਾਂ ਵਿੱਚੋਂ 67 ਕੇਸ ਸੂਬੇ ਤੋਂ ਬਾਹਰਲੇ ਹਨ, 337 ਕੇਸ ਇਲਾਜ ਅਧੀਨ ਹੈ ਅਤੇ 154 ਨੂੰ ਛੁੱਟੀ ਮਿਲ ਗਈ ਹੈ ਜਦੋਂ ਕਿ 51 ਮਰੀਜ਼ਾਂ ਦਾ ਦੇਹਾਂਤ ਹੋਇਆ। ਇਕ ਦਿਨ ਵਿੱਚ ਸਭ ਤੋਂ ਵੱਧ 34 ਕੇਸ 27 ਮਈ ਨੂੰ ਰਿਪੋਰਟ ਹੋਏ। ਜੁਲਾਈ ਦੇ ਪਹਿਲੇ ਹਫਤੇ ਰੋਜ਼ਾਨਾ ਆਉਣ ਵਾਲੇ ਕੇਸਾਂ ਦੀ ਔਸਤਨ 5 ਹੈ।
ਮੁੱਖ ਮੰਤਰੀ ਨੇ ਮਹਿਸੂਸ ਕੀਤਾ ਕਿ ਨਿਰਧਾਰਤ ਦਿਸ਼ਾ ਨਿਰਦੇਸ਼ਾਂ (ਐਸ.ਓ.ਪੀਜ਼) ਦੇ ਲਾਗੂ ਹੋਣ ਅਤੇ ਕੋਵਿਡ ਸਮੇਂ ਅਤੇ ਕੋਵਿਡ ਉਪਰੰਤ ਸੰਭਾਲ ਕਾਰਨ ਪੰਜਾਬ ਵਿੱਚ ਹਰਿਆਣਾ ਤੇ ਦਿੱਲੀ ਸਣੇ ਜ਼ਿਆਦਾਤਰ ਦੂਜੇ ਸੂਬਿਆਂ ਨਾਲੋਂ ਕੇਸ ਅਤੇ ਮੌਤਾਂ ਘੱਟ ਹੋਈਆਂ। ਪੰਜਾਬ ਵਿੱਚ ਹੁਣ ਤੱਕ 632 ਕੇਸ ਤੇ 51 ਮੌਤਾਂ ਸਾਹਮਣੇ ਆਈਆਂ ਜਦੋਂ ਕਿ ਹਰਿਆਣਾ ਤੇ ਦਿੱਲੀ ਵਿੱਚ ਅਜਿਹੇ 1600 ਤੋਂ ਵੱਧ ਕੇਸ ਸਾਹਮਣੇ ਆਏ ਅਤੇ ਦੋਵੇਂ ਸੂਬਿਆਂ ਵਿੱਚ ਕ੍ਰਮਵਾਰ 193 ਤੇ 236 ਮੌਤਾਂ ਹੋਈਆਂ।