ਨਿਊਜ਼ ਡੈਸਕ: ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਖਤਰਨਾਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ ਤੇ ਬੀਤੇ ਦਿਨੀਂ ਹੀ ਦੀਪ ਦੀ ਫਤੇਹਗਢ੍ਹ ਸਾਹਿਬ ਵਿਖੇ ਅੰਤਿਮ ਅਰਦਾਸ ਹੋਈ। ਜਿਸ ਬਾਅਦ ਹੁਣ ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਕੇ ਹਾਦਸੇ ਦੀ ਦਰਦਨਾਕ ਕਹਾਣੀ ਦੱਸੀ ਹੈ।
ਰੀਨਾ ਰਾਏ ਨੇ ਪੋਸਟ ਵਿੱਚ ਲਿਖਿਆ ‘120 ਘੰਟੇ’ ਜਿਸ ਨੇ ਮੇਰੀ ਪੂਰੀ ਜ਼ਿੰਦਗੀ ਬਦਲ ਦਿੱਤੀ, ਮੈਂ ਭਾਰਤ ਆਈ ਵੈਲੇਨਟਾਈਨ ਡੇ ਮਨਾਇਆ, ਇੱਕ ਖਤਰਨਾਕ ਹਾਦਸਾ ਵਾਪਰਿਆ ਜਿਸ ਵਿੱਚ ਮੇਰਾ ਪਿਆਰ ਖਤਮ ਹੋ ਗਿਆ ‘ਤੇ ਮੈਂ ਟੁੱਟੇ ਦਿਲ ਨਾਲ ਆਪਣੇ ਘਰ ਪਰਤ ਆਈ।’ ਉਸ ਨੇ ਕਿਹਾ, ‘ਮੈਂ ਜਾਣਦੀ ਹਾਂ ਹਰ ਕਿਸੇ ਦੇ ਬਹੁਤ ਸਾਰੇ ਸਵਾਲ ਹਨ ,ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਸਾਰਿਆਂ ਦੇ ਸਵਾਲਾਂ ਦਾ ਜਵਾਬ ਦੇ ਸਕਾਂ।”
ਇਸ ਤੋਂ ਬਾਅਦ ਉਸ ਨੇ ਘਟਨਾ ਵਾਲੇ ਦਿਨ ਦੀ ਕਹਾਣੀ ਦੱਸਦਿਆਂ ਲਿਖਿਆ ‘ਪਿਛਲੇ ਐਤਵਾਰ ਮੈਂ ਦੀਪ ਨਾਲ ਵੈਲੇਨਟਾਈਨ ਡੇਅ ਮਨਾਉਣ ਲਈ ਦਿੱਲੀ ਗਈ, ਕਿਉਂਕਿ ਅਸੀਂ ਪਿਛਲੇ ਸਾਲ ਮਨਾ ਨਹੀਂ ਪਾਏ ਸੀ। ਉਹ ਅਜਿਹਾ ਦਿਨ ਸੀ ਜੋ ਹਮੇਸ਼ਾ ਮੇਰੇ ਦਿੱਲ ਦੇ ਕਰੀਬ ਰਹੇਗਾ। ਅਗਲੇ ਦਿਨ ਅਸੀਂ ਮੁੰਬਈ ਜਾਣ ਤੋਂ ਪਹਿਲਾਂ ਪੰਜਾਬ ਜਾਣ ਦਾ ਫੈਸਲਾ ਕੀਤਾ। ਰਸਤੇ ਵਿੱਚ ਦੀਪ ਅਤੇ ਮੈਂ ਕੁਝ ਸਮਾਂ ਗੱਲਬਾਤ ਕੀਤੀ ਅਤੇ ਫਿਰ ਮੈਂ ਥੋੜੀ ਦੇਰ ਸੌਣ ਦਾ ਫੈਸਲਾ ਕੀਤਾ। ਮੈਂ ਆਪਣੀ ਸੀਟ ਬੈਲਟ ਲਗਾ ਕੇ ਸੌਂ ਗਈ। ਇਸ ਬਾਅਦ ਮੈਨੂੰ ਸਿਰਫ ਇਹ ਯਾਦ ਹੈ ਕਿ ਮੈਂ ਸੀਟ ਤੋਂ ਜਾ ਕੇ ਏਅਰਬੈਗ ‘ਚ ਵੱਜੀ। ਮੈਂ ਪੂਰੀ ਤਰ੍ਹਾਂ ਸਦਮੇ ਵਿੱਚ ਸੀ। ਜਦੋ ਮੈਂ ਉੱਪਰ ਦੇਖਿਆ ਤਾਂ ਦੀਪ ਹਿਲ ਨਹੀਂ ਰਿਹਾ ਸੀ। ਮੈਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਅਤੇ ਉਸ ਨੂੰ ਕਿਹਾ ਕਿ ਉਹ ਮੈਨੂੰ ਦੀਪ ਦੀ ਮਦਦ ਕਰਨ ਦੀ ਤਾਕਤ ਦੇਵੇ। ਮੈਂ ਚੀਕਦੀ ਰਹੀ ਦੀਪ ਜਾਗੋ! ਪਰ ਉਹ ਬਿਲਕੁਲ ਵੀ ਨਹੀਂ ਹਿੱਲ ਰਿਹਾ ਸੀ, ਫਿਰ ਮੈਂ ਆਖਰਕਾਰ ਉੱਠੀ ਤੇ ਉਸ ਦੇ ਮੂੰਹ ਨੂੰ ਆਪਣੇ ਵਲ ਕੀਤਾ ‘ਤੇ ਦੇਖਿਆ ਉਸ ਦੇ ਚਿਹਰੇ ਦਾ ਸੱਜਾ ਪਾਸਾ ਪੂਰੀ ਤਰ੍ਹਾਂ ਖੂਨ ਨਾਲ ਲੱਥਪੱਥ ਸੀ। ਮੈਂ ਆਪਣੇ ਆਪ ਨੂੰ ਬੇਹੋਸ਼ ਮਹਿਸੂਸ ਕੀਤਾ ਅਤੇ ਮਦਦ ਲਈ ਚੀਕਣਾ ਸ਼ੁਰੂ ਕਰ ਦਿੱਤਾ। ਇੱਕ ਰਾਹਗੀਰ ਨੇ ਆ ਕੇ ਮੈਨੂੰ ਸਕਾਰਪੀਓ ਗੱਡੀ ‘ਚੋਂ ਬਾਹਰ ਕੱਢਿਆ ਅਤੇ ਜ਼ਮੀਨ ਉੱਤੇ ਲੇਟਾ ਦਿੱਤਾ।”
ਇਸ ਦੇ ਨਾਲ ਹੀ ਉਸਨੇ ਅੱਗੇ ਲਿਖਿਆ ‘ਮੈਂ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਦੀਪ ਦੇ ਭਰਾ ਮਨਦੀਪ ਨੂੰ ਫ਼ੋਨ ਕਰੋ। ਮੈਂ ਦੇਖਿਆ ਆਸਪਾਸ ਦੇ ਲੋਕ ਦੀਪ ਨੂੰ ਕਾਰ ਵਿੱਚੋ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ‘ਤੇ ਉਨ੍ਹਾਂ ਨੇ ਆਖਿਰਕਾਰ ਦੀਪ ਨੂੰ ਕਾਰ ਵਿੱਚੋ ਕੱਢ ਲਿਆ। ਲੋਕਾਂ ਨੇ ਦੀਪ ਨੂੰ ਦੂਜੀ ਐਂਬੂਲੈਂਸ ਵਿੱਚ ਪਾਇਆ ਅਤੇ ਸਾਨੂੰ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ। ਮੈਂ ਬਾਰ ਬਾਰ ਹਰ ਕਿਸੇ ਨੂੰ ਪੁੱਛ ਰਹੀ ਸੀ ਕਿ ਦੀਪ ਕਿਵੇਂ ਹੈ ਅਤੇ ਹਰ ਕੋਈ ਮੈਨੂੰ ਕਹਿੰਦਾ ਰਿਹਾ ਕਿ ਉਹ ਠੀਕ ਹੈ। ਤਕਰੀਬਨ ਪੰਜ ਘੰਟੇ ਬਾਅਦ ਪੰਜਾਬ ਤੋਂ ਮੇਰੇ ਰਿਸ਼ਤੇਦਾਰ ਹਸਪਤਾਲ ਪਹੁੰਚੇ ‘ਤੇ ਮੈਨੂੰ ਦਿੱਲੀ ਦੇ ਨੈਸ਼ਨਲ ਹਾਰਟ ਇੰਸਟੀਚਿਊਟ ਵਿੱਚ ਲਿਜਾਇਆ ਗਿਆ। ਉੱਥੇ ਹੀ ਮੇਰੇ ਪਰਿਵਾਰ ਨੇ ਮੈਨੂੰ ਦੱਸਿਆ ਕਿ ਦੀਪ ਨਹੀਂ ਰਿਹਾ। ਮੇਰਾ ਦਿਲ ਟੁੱਟ ਗਿਆ ਅਤੇ ਮੈਂ ਸਦਮੇ ਵਿੱਚ ਸੀ। ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਮੇਰੇ ਪਰਿਵਾਰ ਦੇ ਕਹਿਣ ‘ਤੇ, ਮੈਂ ਵਾਪਸ ਅਮਰੀਕਾ ਆ ਗਈ ਅਤੇ ਹੁਣ ਰੀੜ੍ਹ ਦੀ ਹੱਡੀ ਦੇ ਫ੍ਰੈਕਚਰ ਕਾਰਨ ਘਰ ਵਿੱਚ ਹੀ ਅਰਾਮ ਕਰ ਰਹੀ ਹਾਂ।’
ਉਸ ਨੇ ਅਗੇ ਲਿਖਿਆ, ‘ਦੀਪ ਦੇ ਭੋਗ ਨੂੰ ਦੇਖਿਆ ਦੁਨੀਆਂ ਜੋ ਉਸ ਨੂੰ ਪਿਆਰ ਕਰਦੀ ਹੈ, ਉਸ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਹੁਤ ਦਿਲਾਸਾ ਦਿੱਤਾ ਹੈ। ਮੈਂ ਇਸ ਲਈ ਸਭ ਦਾ ਧੰਨਵਾਦ ਕਰਦੀ ਹਾਂ। ਉਸ ਨੂੰ ਵੀ ਪੂਰਾ ਵਿਸ਼ਵਾਸ ਸੀ ਕਿ ਤੁਸੀਂ ਸਾਰੇ ਉਸ ਦਾ ਪਰਿਵਾਰ ਹੋ ਅਤੇ ਮੈਨੂੰ ਪਤਾ ਹੈ ਕਿ ਉਹ ਉੱਪਰੋਂ ਇਹ ਸਭ ਦੇਖ ਰਿਹਾ ਹੈ।’
ਰੀਨਾ ਨੇ ਲਿਖਿਆ, ‘ਦੀਪ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਜ਼ਿੰਦਗੀ ਭਰ ਨਹੀਂ ਛੱਡੋਗੇ, ਪਰ ਤੁਸੀਂ ਮੈਨੂੰ ਇੱਥੇ ਇਕੱਲਾ ਛੱਡ ਦਿੱਤਾ ਹੈ । ਮੈਂ ਟੁੱਟ ਗਈ ਹਾਂ। ਮੈਂ ਦੁਖੀ ਹਾਂ। ਤੁਸੀਂ ਮੈਨੂੰ ਕਿਉਂ ਛੱਡ ਦਿੱਤਾ? ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਪਰ ਇਕ ਹੀ ਚੀਜ਼ ਦੇਖ ਕੇ ਮੈਨੂੰ ਸਕੂਨ ਮਿਲ ਰਿਹਾ ਹੈ ਕਿ ਤੁਹਾਡੀ ਮੌਤ ਨੇ ਪੰਜਾਬ ਦੇ ਭਵਿੱਖ ਨੂੰ ਆਕਾਰ ਦੇਣ ਦਾ ਕੰਮ ਕੀਤਾ ਹੈ। ਮੈਂ ਤੁਹਾਨੂੰ ਯਾਦ ਕਰਾਂਗੀ ਅਤੇ ਹਮੇਸ਼ਾ ਤੁਹਾਨੂੰ ਪਿਆਰ ਕਰਾਂਗੀ। ਰੂਹ ਦੇ ਸਾਥੀ ਇੱਕ ਦੂਜੇ ਨੂੰ ਨਹੀਂ ਛੱਡਦੇ।’