ਵਾਸ਼ਿੰਗਟਨ: ਅਮਰੀਕਾ ‘ਚ ਸ਼ੁੱਕਰਵਾਰ ਨੂੰ ਕੋਰੋਨਾ ਸੰਕਰਮਣ ਦੇ ਇੱਕ ਦਿਨ ਵਿੱਚ ਰਿਕਾਰਡ 63,643 ਮਾਮਲੇ ਸਾਹਮਣੇ ਆਏ ਜਦਕਿ 774 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਅਮਰੀਕਾ ਵਿੱਚ ਹੁਣ ਤੱਕ ਕੋਰੋਨਾ ਦੇ 3,182,385 ਮਾਮਲੇ ਸਾਹਮਣੇ ਆਏ ਹਨ ਜਦਕਿ 134,073 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ 29 ਰਾਜਾਂ ਵਿੱਚ ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿੱਚ ਤੇਜੀ ਵੇਖੀ ਜਾ ਰਹੀ ਹੈ। ਟੈਕਸਸ ਅਤੇ ਫਲੋਰਿਡਾ ਵਿੱਚ ਹਾਲਾਤ ਬਹੁਤ ਖ਼ਰਾਬ ਹੁੰਦੇ ਜਾ ਰਹੇ ਹਨ। ਇਕੱਲੇ ਫਲੋਰਿਡਾ ਵਿੱਚ ਸ਼ੁੱਕਰਵਾਰ ਨੂੰ 11,433 ਨਵੇਂ ਮਾਮਲੇ ਦਰਜ ਕੀਤੇ ਗਏ।
ਮਿਆਮੀ ਡੇਡ ਕਾਉਂਟੀ ਵਿੱਚ 28 ਫੀਸਦ ਲੋਕਾਂ ਵਿੱਚ ਸੰਕਰਮਣ ਪਾਇਆ ਗਿਆ ਹੈ। ਅਮਰੀਕਾ ਦੇ ਰੋਗ ਮਾਹਰ ਐਂਥਨੀ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ ਇੱਕ ਦਿਨ ਵਿੱਚ ਕੋਰੋਨਾ ਦੇ ਮਾਮਲਿਆਂ ਦੇ ਮਿਲਣ ਦੀ ਦਰ ਇੱਕ ਲੱਖ ਤੱਕ ਪਹੁੰਚ ਸਕਦੀ ਹੈ।
ਉੱਥੇ ਹੀ ਦੁਨੀਆ ਭਰ ਵਿੱਚ ਕੋਰੋਨਾ ਸੰਕਰਮਣ ਦੇ ਮਾਮਲਿਆਂ ਦੀ ਕੁੱਲ ਗਿਣਤੀ 12.4 ਮਿਲੀਅਨ ਤੋਂ ਜ਼ਿਆਦਾ ਹੋ ਗਈ ਹੈ ਜਦਕਿ ਮੌਤਾਂ ਦਾ ਅੰਕੜਾ 559,000 ਤੋਂ ਜ਼ਿਆਦਾ ਹੋ ਗਿਆ ਹੈ। ਸ਼ਨੀਵਾਰ ਸਵੇਰੇ ਤੱਕ ਕੁੱਲ ਮਾਮਲੇ 12,461,962 ਸਨ ਜਦਕਿ 559,481 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ।