ਪਟਿਆਲਾ ‘ਚ ਨਗਰ ਕੌਂਸਲ ਲਈ ਪੈ ਰਹੀਆਂ ਮੁੜ ਤੋਂ ਵੋਟਾਂ, ਈਵੀਐਮ ਨਾਲ ਭੰਨਤੋੜ ਕਾਰਨ ਰੱਦ ਹੋਈ ਸੀ ਚੋਣ

TeamGlobalPunjab
2 Min Read

ਪਟਿਆਲਾ : ਰਾਜ ਚੋਣ ਕਮਿਸ਼ਨ ਨੇ ਅੱਜ ਪਟਿਆਲਾ ਦੇ ਨਗਰ ਕੌਸਲ, ਪਾਤੜਾਂ ਅਤੇ ਸਮਾਣਾ ਦੇ 3 ਬੂਥਾਂ ‘ਤੇ ਦੁਬਾਰਾ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਸਨ। ਜਿਸ ਤੋਂ ਬਾਅਦ ਅੱਜ ਇਹਨਾਂ ਤਿੰਨਾਂ ਬੂਥਾਂ ‘ਤੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਸਵੇਰ ਤੋਂ ਹੀ ਲੋਕ ਮੁੜ ਤੋਂ ਵੋਟ ਪਾਉਣ ਦੇ ਲਈ ਚੋਣ ਬੂਥਾਂ ‘ਤੇ ਪਹੁੰਚ ਰਹੇ ਹਨ। ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਦਿਖਾਈ ਦਿੱਤੀਆਂ। ਇਸ ਦੌਰਾਨ ਵੋਟ ਪਾਉਣ ਆਏ ਲੋਕਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਪਹਿਲਾਂ ਹੀ ਸਖ਼ਤੀ ਵਰਤੀ ਹੁੰਦੀ ਤਾਂ ਅੱਜ ਮੁੜ ਤੋਂ ਵੋਟਿੰਗ ਨਹੀਂ ਹੋਣੀ ਸੀ। ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ, ਪੰਜਾਬ ਪੁਲਿਸ ਦੇ ਜਵਾਨ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੇ ਗਏ ਹਨ।

ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ 14 ਫਰਵਰੀ ਨੂੰ ਮੁਕੰਮਲ ਕਰ ਲਈਆਂ ਗਈਆਂ ਸਨ। ਇਸ ਦੌਰਾਨ ਰਾਜ ਚੋਣ ਕਮਿਸ਼ਨ ਨੂੰ ਪਟਿਆਲਾ ਜਿ਼ਲੇ ਦੇ ਪਾਤੜਾਂ ਦੇ ਰਿਟਰਨਿੰਗ ਅਫਸਰ ਵਲੋਂ ਵਾਰਡ ਨੰ: 8 ਦੇ ਬੂਥ ਨੰ: 11 ਵਿੱਚ ਵੋਟਾਂ ਦੌਰਾਨ ਈ.ਵੀ.ਐਮ. ਨੂੰ ਨੁਕਸਾਨ ਪਹੁੰਚਾਉਣ ਸਬੰਧੀ ਸੂਚਨਾ ਭੇਜੀ ਗਈ ਸੀ । ਇਸੇ ਤਰਾਂ ਪਟਿਆਲਾ ਜਿ਼ਲੇ ਦੇ ਸਮਾਣਾ ਹਲਕੇ ਦੇ ਰਿਟਰਨਿੰਗ ਅਫਸਰ ਵਲੋਂ ਵੀ ਸਮਾਣਾ ਦੇ ਵਾਰਡ ਨੰ: 11 ਦੇ ਬੂਥ ਨੰ: 22 ਅਤੇ 23 ਵਿੱਚ ਈ.ਵੀ.ਐਮ. ਨੂੰ ਨੁਕਸਾਨ ਪਹੁੰਚਾਉਣ ਸਬੰਧੀ ਸੂਚਨਾ ਭੇਜੀ ਗਈ ਸੀ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਕਮਿਸ਼ਨ ਵਲੋਂ ਇਨਾਂ ਤਿੰਨਾਂ ਬੂਥਾਂ ‘ਤੇ ਸਟੇਟ ਇਲੇੈਕਸ਼ਨ ਕਮਿਸ਼ਨ ਐਕਟ, 1994 ਦੀ ਧਾਰਾ 59(2)(ਏ) ਅਧੀਨ ਇਨਾਂ ਤਿੰਨਾਂ ਬੂਥਾਂ ‘ਤੇ ਪਹਿਲਾਂ ਪਈਆਂ ਵੋਟਾਂ ਨੂੰ ਰੱਦ ਕਰਦਿਆਂ ਇੱਥੇ ਨਵੇਂ ਸਿਰੇ ਤੋਂ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਹਨ। ਹੁਣ ਇਹਨਾਂ ਵੋਟਾਂ ਦੇ ਨਤੀਜੇ ਵੀ ਪਹਿਲਾਂ ਵਾਂਗ 17 ਫਰਵਰੀ ਨੂੰ ਐਲਾਨੇ ਜਾਣਗੇ।

Share this Article
Leave a comment