ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 26 ਦੀ ਅਨਾਜ ਮੰਡੀ ਨੇੜ੍ਹੇ ਆਰਬੀਆਈ ਦੀਆਂ ਕੈਸ਼ ਵੈਨਾਂ ਆਪਸ ਵਿੱਚ ਭਿੜ ਗਈਆਂ। ਹਾਦਸੇ ਵਿੱਚ ਮਹਿਲਾ ਪੁਲੀਸ ਮੁਲਾਜ਼ਮ ਸਣੇ ਤਿੰਨ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਲਿਜਾਇਆ ਗਿਆ।
ਮਹਿਲਾ ਕਾਂਸਟੇਬਲ ਵੈਨ ‘ਚ ਫਸ ਗਈ ਸੀ ਜਿਸ ਨੂੰ ਕਾਫੀ ਜਦੋਜਹਿਦ ਤੋਂ ਬਾਅਦ ਬਾਹਰ ਕੱਢਿਆ ਗਿਆ। ਮਹਿਲਾ ਪੁਲਿਸ ਕਾਂਸਟੇਬਲ ਨੂੰ ਪੁਲਿਸ ਵਲੋਂ ਪੀਜੀਆਈ ਹਸਪਤਾਲ ਦਾਖਲ ਕਰਵਾਇਆ ਗਿਆ, ਜਦਕਿ ਹੋਰ ਦੋ ਜ਼ਖਮੀਆਂ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਸੀ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ RBI ਦੀਆਂ ਪੰਜ ਗੱਡੀਆਂ ਇਕੱਠੀਆਂ ਆ ਰਹੀਆਂ ਸਨ ਤਾਂ ਇਕ ਗੱਡੀ ਨੇ ਅੱਗੇ ਬ੍ਰੇਕ ਮਾਰ ਦਿੱਤੀ, ਜਿਸ ਕਾਰਨ ਕੈਸ਼ ਵੈਨਾਂ ਦੀ ਟੱਕਰ ਹੋ ਗਈ ਅਤੇ ਇਹ ਹਾਦਸਾ ਹੋ ਗਿਆ। ਹਾਦਸੇ ਤੋਂ ਕਰੀਬ 40 ਮਿੰਟ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।