ਲੁਧਿਆਣਾ : ਪੰਜਾਬ ਅੰਦਰ ਕੋਰੋਨਾ ਵਾਇਰਸ ਨੂੰ ਲੈ ਕੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸ ਦੇ ਚਲਦਿਆਂ ਸੂਬਾ ਸਰਕਾਰ ਵੱਲੋਂ ਵੀ ਵੱਡੇ ਪੱਧਰ ‘ਤੇ ਅਹਿਤਿਆਤ ਵਰਤਣ ਲਈ ਅਪੀਲ ਕੀਤੀ ਜਾ ਰਹੀ ਹੈ। ਇਸ ਦੌਰਾਨ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਜਿੱਥੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਉੱਥੇ ਹੀ ਉਨ੍ਹਾਂ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਵੀ ਅਚਾਨਕ ਛਾਪਾ ਮਾਰ ਕੇ ਸਿਹਤ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਜਾਣ ਬੁੱਝ ਕੇ ਐਤਵਾਰ ਨੂੰ ਆਏ ਹਨ।
ਬਿੱਟੂ ਨੇ ਕਿਹਾ ਕਿ ਕੋਰੋਨਾ ਵਾਇਰਸ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ। ਇਸ ਲਈ ਉਹ ਦੇਖਣਾ ਚਾਹੁੰਦੇ ਸਨ ਕਿ ਹਸਪਤਾਲ ‘ਚ ਕੀ ਪ੍ਰਬੰਧ ਹਨ। ਰਵਨੀਤ ਬਿੱਟੂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਲੁਧਿਆਣਾ ਅੱਜ ਕੋਰੋਨਾ ਦਾ ਹੌਟਸਪੌਟ ਬਣਿਆ ਹੋਇਆ ਹੈ ਕਿਉਂਕਿ ਇਹ ਸੂਬੇ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸਿਵਲ ਹਸਪਤਾਲ ‘ਚ 70 ਮਰੀਜ਼ ਜੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਕੁੱਲ 206 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ।
ਦੱਸ ਦਈਏ ਕਿ ਕੋਰੋਨਾ ਸੰਕਰਮਣ ਦੇ ਮਾਮਲੇ ‘ਚ ਲੁਧਿਆਣਾ ਸੂਬੇ ‘ਚ ਪਹਿਲੇ ਸਥਾਨ ‘ਤੇ ਹੈ। ਮਹਾਂਨਗਰ ‘ਚ ਹੁਣ ਤੱਕ ਕੋਰੋਨਾ ਦੇ 2415 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 59 ਲੋਕਾਂ ਨੇ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। 1696 ਲੋਕਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ‘ਚ ਅਜੇ ਵੀ 600 ਮਾਮਲੇ ਸਰਗਰਮ ਹਨ।