ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਮ ਮੰਦਰ ਭੂਮੀ ਪੂਜਨ ਪ੍ਰੋਗਰਾਮ ਵਿਚ ਹਿੱਸਾ ਲੈਣ ਅਤੇ ਮੰਦਰ ਦਾ ਨੀਂਹ ਪੱਥਰ ਰੱਖਣ ਲਈ ਅਯੁੱਧਿਆ ਪਹੁੰਚਣਗੇ। ਅਯੁੱਧਿਆ ਸ਼ਹਿਰ ਇਸ ਇਤਿਹਾਸਕ ਮੌਕੇ ਲਈ ਤਿਆਰ ਹੈ, ਭੂਮੀ ਪੂਜਨ ਦੀਆਂ ਸਾਰੀਆਂ ਸਜਾਵਟ ਅਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਆਸਥਾ ਅਤੇ ਉਤਸ਼ਾਹ ‘ਚ ਡੁੱਬੇ ਰਾਮ ਭਗਤਾਂ ਦਾ ਸਦੀਆਂ ਪੁਰਾਣਾ ਸੁਫਨਾ ਬੁੱਧਵਾਰ ਯਾਨੀ ਅੱਜ ਸਾਕਾਰ ਹੋਣ ਜਾ ਰਿਹਾ ਹੈ। ਭਾਦਰੋਂ ਦੇ ਮਹੀਨੇ ‘ਚ ਸ਼ੁਕਲ ਪਕਸ਼ ਦੀ ਦੂਜੀ ਤਰੀਕ ਨੂੰ ਅਯੁੱਧਿਆ ਨਰੇਸ਼ ਦਸ਼ਰਥ ਦੇ ਮਹਿਲ ‘ਚ ਭਗਵਾਨ ਵਿਸ਼ਣੂ ਦੇ ਅਵਤਾਰ ਸ੍ਰੀਰਾਮ ਨੇ ਮਾਂ ਕੌਸ਼ੱਲਿਆ ਦੇ ਗਰਭ ਤੋਂ ਜਨਮ ਲਿਆ ਸੀ। ਇਸ ਲਈ ਭੂਮੀ ਪੂਜਨ ਦਾ ਦਿਨ ਸ੍ਰੀ ਰਾਮ ਦੇ ਜਨਮ ਦੇ ਸਮੇਂ ਦਾ ਹੀ ਰੱਖਿਆ ਗਿਆ ਹੈ।
ਪੀਐੱਮ ਮੋਦੀ ਅੱਜ ਸਵੇਰੇ 11.40 ਵਜੇ ਪ੍ਰਸਿੱਧ ਹਨੂੰਮਾਨਗੜੀ ਮੰਦਰ ਪਹੁੰਚ ਕੇ ਪੂਜਾ ਕਰਨਗੇ। 10 ਮਿੰਟ ਪੂਜਾ ਕਰਨ ਤੋਂ ਬਾਅਦ 12 ਵਜੇ ਰਾਮ ਜਨਮਭੂਮੀ ਕੰਪਲੈਕਸ ਪਹੁੰਚਣਗੇ। ਭੂਮੀ ਪੂਜਨ ਤੋਂ ਬਾਅਦ 12.40 ਵਜੇ ਪ੍ਰਧਾਨ ਮੰਤਰੀ ਮੋਦੀ ਮੰਦਰ ਦਾ ਨੀਂਹ ਪੱਥਰ ਰੱਖਣਗੇ। ਇਸ ਦੌਰਾਨ ਅਯੁੱਧਿਆ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਨੀਂਹ ਪੱਥਰ ਦੇ ਮੱਦੇਨਜ਼ਰ ਅਯੁੱਧਿਆ ਤੋਂ ਆਉਣ-ਜਾਣ ਵਾਲੇ ਵਾਹਨਾਂ ਦੀ ਆਵਾਜਾਈ ‘ਤੇ ਮੰਗਲਵਾਰ ਦੁਪਿਹਰ ਤੱਕ ਰੋਕ ਲਗਾ ਦਿੱਤੀ ਗਈ ਹੈ।