ਸਰੀ : ਬੀਤੇ ਦਿਨੀਂ ਕੈਨੇਡਾ ਦੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਸਰੀ ‘ਚ ਸਥਿਤ ਇੱਕ ਪਾਰਕ ਵਿੱਚ ਪੰਜਾਬੀ ਬੀਬੀਆਂ ‘ਤੇ ਇੱਕ ਗੋਰੇ ਜੋੜੇ ਵੱਲੋਂ ਨਸਲੀ ਹਮਲਾ ਕੀਤਾ ਗਿਆ ਸੀ। ਇਸ ਘਟਨਾ ਦੇ ਬਾਅਦ ਸਰੀ ਸ਼ਹਿਰ ਦੇ ਐਸਪਨ ਪਾਰਕ ਵਿਖੇ ਨਸਲਵਾਦ ਖ਼ਿਲਾਫ਼ ਰੈਲੀ ਕੀਤੀ ਗਈ, ਜਿਸ ‘ਚ ਬੱਚਿਆਂ ਤੇ ਬਜ਼ੁਰਗਾਂ ਤੋਂ ਇਲਾਵਾ ਅੰਗਰੇਜ਼ ਤੇ ਚੀਨੀ ਮੂਲ ਦੇ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ।
ਇਹਨਾਂ ਸਾਰਿਆਂ ਨੇ ਡੱਟ ਕੇ ਨਸਲਵਾਦ ਦੇ ਵਿਰੋਧ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਜਾਣਕਾਰੀ ਮੁਤਾਬਕ ਹੁਣ ਉਸ ਗੋਰੇ ਜੋੜੇ ਨੇ ਪੁਲਿਸ ਰਾਹੀਂ ਪੰਜਾਬਣ ਬੀਬੀਆਂ ਤੋਂ ਮੁਆਫ਼ੀ ਮੰਗੀ ਹੈ। ਰੈਲੀ ਮੌਕੇ ਕੈਨੇਡਾ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਬ੍ਰਿਟਿਸ਼ ਕੋਲੰਬੀਆ ਦੇ ਕੈਬਨਿਟ ਮੰਤਰੀ ਹੈਰੀ ਬੈਂਸ, ਵਿਧਾਇਕ ਜਿੰਨੀ ਸਿਮਰ, ਕੌਂਸਲਰ ਬਰੈਂਡਾ ਲੱਕੀ, ਮਨਦੀਪ ਨਾਗਰਾ, ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਬਲਤੇਜ ਸਿੰਘ ਢਿੱਲੋਂ, ਸਾਰਜੈਂਟ ਜੈਗ ਖੋਸਾ, ਸਾਹਿਬ ਕੌਰ ਸੰਘਾ ਤੇ 9 ਸਾਲਾ ਨਸਲਵਾਦ ਪੀੜਤ ਬੱਚੇ ਗੁਰਲਾਲ ਸਿੰਘ ਗਿੱਲ ਨੇ ਸੰਬੋਧਨ ਕੀਤਾ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੈਨੇਡਾ ਬਹੁਸੱਭਿਅਕ ਤੇ ਬਹੁਭਾਸ਼ਾਈ ਲੋਕਾਂ ਦਾ ਦੇਸ਼ ਹੈ। ਇੱਥੇ ਨਸਲਵਾਦ ਲਈ ਕੋਈ ਜਗ੍ਹਾ ਨਹੀਂ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਰੀ ਦੇ ਐਸਪਨ ਪਾਰਕ ਵਿਚ ਜਦੋਂ ਕੁਝ ਪੰਜਾਬਣ ਬਜ਼ੁਰਗ ਬੀਬੀਆਂ ਗੱਲਾਂ ਕਰ ਰਹੀਆਂ ਸਨ ਤਾਂ ਇਕ ਗੋਰੇ ਜੋੜੇ ਨੇ ਉਹਨਾਂ ਨੂੰ ਗਾਲਾਂ ਕੱਢੀਆਂ ਅਤੇ ਉਹਨਾਂ ਲਈ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਇਸ ਕਾਰਨ ਭਾਈਚਾਰੇ ਵਿਚ ਕਾਫੀ ਰੋਸ ਸੀ।