ਨਵੀਂ ਦਿੱਲੀ: ਚੋਣ ਕਮਿਸ਼ਨ ਨੇ 7 ਰਾਜਾਂ ਦੀਆਂ 18 ਰਾਜ ਸਭਾ ਦੀਆਂ ਸੀਟਾਂ ਤੇ ਹੋਣ ਵਾਲੀਆਂ ਚੋਣਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਤੋਂ ਪੈਦਾ ਹੋਈਆਂ ਸਥਿਤੀਆਂ ਨੂੰ ਦੇਖਦੇ ਹੋਏ ਇਸਨੂੰ ਟਾਲਣ ਦਾ ਫੈਸਲਾ ਲਿਆ ਹੈ।
ਕਮਿਸ਼ਨ ਦਾ ਕਹਿਣਾ ਹੈ ਕਿ ਉਹ ਆਪਣੀਆਂ ਸੰਵਿਧਾਨਿਕ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਨ੍ਹਾਂ ਚੋਣਾਂ ਨੂੰ ਮੁਲਤਵੀ ਕਰ ਰਹੇ ਹਾਂ।
ਪਿਛਲੇ ਮਹੀਨੇ 26 ਮਾਰਚ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਨੂੰ ਮੁਲਤਵੀ ਕਰਦੇ ਹੋਏ ਕਮਿਸ਼ਨ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਪੈਦਾ ਹੋਈਆਂ ਸਥਿਤੀਆਂ ਨੂੰ ਦੇਖਦੇ ਹੋਏ ਸਮੀਖਿਆ ਕਰਨ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ। ਚੋਣਾਂ ਲਈ ਨਵੀਂ ਤਾਰੀਕ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।
ਰਾਜ ਸਭਾ ਦੀਆਂ ਜਿਨ੍ਹਾਂ ਸੀਟਾਂ ‘ਤੇ ਚੋਣਾਂ ਮੁਲਤਵੀ ਹੋਈਆਂ ਹਨ, ਉਨ੍ਹਾਂ ਵਿਚੋਂ ਛੇ ਰਾਜਾਂ ਦੇ 17 ਮੈਂਬਰ 9 ਅਪ੍ਰੈਲ ਨੂੰ ਸੇਵਾਮੁਕਤ ਹੋ ਰਹੇ ਹਨ ਜਦਕਿ ਮੇਘਾਲਿਆ ਦਾ ਇਕ ਮੈਂਬਰ 12 ਅਪ੍ਰੈਲ ਨੂੰ ਸੇਵਾਮੁਕਤ ਹੋ ਰਿਹਾ ਹੈ। ਇਹ 18 ਸੀਟਾਂ ਆਂਧਰਾ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼, ਮਣੀਪੁਰ, ਰਾਜਸਥਾਨ, ਗੁਜਰਾਤ ਅਤੇ ਮੇਘਾਲਿਆ ਦੀਆਂ ਹਨ।