ਵਿਧਾਇਕ ਰਾਜਾ ਵੜਿੰਗ ਨੇ ਆਪ ਹਟਾਏ ਕੂੜੇ ਦੇ ਢੇਰ, ਸਫਾਈ ਸੇਵਕਾਂ ਨੇ ਕੀਤਾ ਤਿੱਖਾ ਵਿਰੋਧ
ਮੁਕਤਸਰ (ਤਰਸੇਮ ਢੁੱਡੀ) : ਮੁਕਤਸਰ ਵਿਖੇ ਸਥਿਤੀ ਉਸ ਸਮੇਂ ਤਣਾਅ ਵਾਲੀ ਹੋ ਗਈ ਜਦੋਂ ਸ਼ਹਿਰ ਦੀ ਸਫ਼ਾਈ ਨੂੰ ਲੈ ਕੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਫ਼ਾਈ ਸੇਵਕ ਆਹਮੋ-ਸਾਹਮਣੇ ਆ ਗਏ। ਦਰਅਸਲ ਪੂਰੇ ਪੰਜਾਬ ‘ਚ ਸਫਾਈ ਸੇਵਕਾਂ ਦੀ ਹੜਤਾਲ ਚੱਲ ਰਹੀ ਹੈ। ਇਸੇ ਦੇ ਚਲਦਿਆਂ ਮੁਕਤਸਰ ਦੇ ਸਫਾਈ ਸੇਵਕ ਵੀ ਹੜਤਾਲ ਤੇ ਹਨ। ਸ਼ਹਿਰ ਦੀਆਂ ਕਈ ਸੜਕਾਂ ਤੇ ਕੂੜੇ ਦੇ ਢੇਰ ਲੱਗੇ ਹਨ। ਅਜਿਹੇ ਹੀ ਢੇਰ ਮੁਕਤਸਰ ਦੀ ਨਗਰ ਕੌਂਸਲ ਦੇ ਸਾਹਮਣੇ ਵੀ ਹਨ । ਇਹਨਾਂ ਕੂੜੇ ਦੇ ਢੇਰਾਂ ਨੂੰ ਸੜਕ ਤੋਂ ਹਟਾਉਣ ਲਈ ਅੱਜ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ‘ਚ ਨਗਰ ਕੌਂਸਲ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਨੇ ਨਗਰ ਕੌਂਸਲ ਦੇ ਸਾਹਮਣੇ ਖ਼ੁਦ ਸਫ਼ਾਈ ਕੀਤੀ।
ਵਿਧਾਇਕ ਰਾਜਾ ਵੜਿੰਗ ਨੇ ਖ਼ੁਦ ਟਰੈਕਟਰ ਚਲਾ ਕੇ ਕੂੜੇ ਦੇ ਢੇਰ ਸੜਕ ਤੋਂ ਪਾਸੇ ਕੀਤੇ। ਇਸ ਦੌਰਾਨ ਸਫ਼ਾਈ ਸੇਵਕ ਯੂਨੀਅਨ ਨੇ ਇਸਦਾ ਤਿੱਖਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਸਫ਼ਾਈ ਸੇਵਕਾਂ ਨੇ ਇਸਨੂੰ ਉਹਨਾਂ ਨਾਲ ਦੁਹਰਾ ਧੱਕਾ ਕਰਾਰ ਦਿੱਤਾ। ਮਾਹੌਲ ਇੱਕ ਵਾਰ ਤਾਂ ਖਾਸਾ ਗਰਮਾ ਗਿਆ ।
ਮਾਹੌਲ ਭਖਦਾ ਦੇਖ ਵਿਧਾਇਕ ਵੜਿੰਗ ਨੇ ਸਫ਼ਾਈ ਸੇਵਕਾਂ ਦੇ ਹੱਕ ਵਿੱਚ ਖੜੇ ਹੋਣ ਦੀ ਗੱਲ ਆਖੀ । ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਸਫਾਈ ਸੇਵਕਾਂ ਦੀਆਂ ਬਹੁਤੀਆਂ ਮੰਗਾਂ ਜਾਇਜ਼ ਹਨ ਅਤੇ ਉਹ ਸਫਾਈ ਸੇਵਕਾਂ ਦੇ ਨਾਲ ਹਨ। ਰਾਜਾ ਵੜਿੰਗ ਨੇ ਸਫਾਈ ਸੇਵਕਾਂ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੀਟਿੰਗ ਦਾ ਭਰੋਸਾ ਦਿਵਾਇਆ ਅਤੇ ਵਿਸ਼ਵਸ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਇਸ ਤੋਂ ਬਾਅਦ ਜਾ ਕੇ ਮਾਹੌਲ ਕੁਝ ਸ਼ਾਂਤ ਹੋਇਆ। ਇੰਨਾ ਹੀ ਨਹੀਂ ਵਿਧਾਇਕ ਵੜਿੰਗ ਨੇ ਸਫਾਈ ਸੇਵਕਾਂ ਦੇ ਧਰਨੇ ‘ਚ ਵੀ ਹਿੱਸਾ ਲਿਆ।
ਉਧਰ ਸਫਾਈ ਸੇਵਕ ਯੂਨੀਅਨ ਦੇ ਅਹੁਦੇਦਾਰਾਂ ਅਨੁਸਾਰ ਹੜਤਾਲ ਦਾ ਫ਼ੈਸਲਾ ਪੰਜਾਬ ਪੱਧਰ ਦਾ ਹੈ ਅਤੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹੜਤਾਲ ਜਾਰੀ ਰਹੇਗੀ । ਉਹਨਾਂ ਕਿਹਾ ਕਿ ਵਿਧਾਇਕ ਰਾਜਾ ਵੜਿੰਗ ਨੇ ਵਿਸ਼ਵਸ ਦਿਵਾਇਆ ਕਿ ਉਹ ਸਫ਼ਾਈ ਸੇਵਕਾਂ ਦੇ ਨਾਲ ਹਨ ਅਤੇ ਉਹਨਾਂ ਧਰਨੇ ‘ਚ ਵੀ ਹਿੱਸਾ ਲਿਆ, ਉਹਨਾਂ ਨੂੰ ਆਸ ਹੈ ਕਿ ਵਿਧਾਇਕ ਉਹਨਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣਗੇ।