‘ਜੈ ਜਵਾਨ ਜੈ ਕਿਸਾਨ’ ਨਾਅਰੇ ਦਾ ਅਸਲ ਰੂਪ ਪੇਸ਼ ਕੀਤਾ ‘ਟਰੈਕਟਰ ਮਾਰਚ’ ਨੇ !

TeamGlobalPunjab
5 Min Read

-ਬਿੰਦੂ ਸਿੰਘ 

‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਅੱਜ ਦਿੱਲੀ ਦੀਆਂ ਸੜਕਾਂ ਤੇ ਸਹੀ ਅਰਥਾਂ ‘ਚ ਮੁਕੰਮਲ ਹੁੰਦਾ ਨਜ਼ਰ ਆਇਆ। ਜਿਸ ਦੇਸ਼ ਦੇ ਝੰਡੇ ਨੂੰ ਜਵਾਨ ਆਪਣੀ ਆਨ ਤੇ ਸ਼ਾਨ ਮੰਨਦੇ ਹਨ ਤੇ ਸਰਹੱਦਾਂ ਤੇ ਤਾਇਨਾਤ ਹੋ ਕੇ ਸਰਹੱਦਾਂ ਦੀ ਸੁਰੱਖਿਆ ਲਈ ਜਾਨਾਂ ਤੱਕ ਕੁਰਬਾਨ ਕਰ ਦਿੰਦੇ ਹਨ ਉਸੇ ਤਿਰੰਗੇ ਨੂੰ ਅੱਜ ਕਿਸਾਨ ਆਪਣੇ ਟਰੈਕਟਰ ਟਰਾਲੀ ਅੱਗੇ ਲਾ ਕੇ ਟਰੈਕਟਰ ਮਾਰਚ ‘ਚ ਸ਼ਾਮਲ ਹੋਏ। ਭਾਰੀ ਪੁਲਿਸ ਬਲ ਦੇ ਬਾਵਜੂਦ ਦਿੱਲੀ ਦੇ ਚਾਰ ਵੱਖ ਬਾਰਡਰਾਂ ਸਿੰਘੂ ਤੋਂ ਟਿਕਰੀ, ਟਿਕਰੀ ਤੋਂ ਕੁੰਡਲੀ, ਗਾਜ਼ੀਪੁਰ ਤੋਂ ਪਲਵਲ ਤੇ ਹਰਿਆਣਾ ਦੇ ਮੇਵਾਤ ਜ਼ਿਲ੍ਹੇ ਦੇ ਪਿੰਡ ਰੇਵਾਸਨ ਤੋਂ ਪਲਵਲ ਜਾ ਰਹੇ ਟਰੈਕਟਰ ਟਰਾਲੀਆਂ ਦੇ ਕਾਫ਼ਿਲੇ ਵੱਖਰੀ ਕਿਸਮ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ। ਜਿੱਥੇ ਇਕ ਪਾਸੇ ਟਰੈਕਟਰਾਂ ਅੱਗੇ ਤਿਰੰਗੇ ਲਹਿਰਾ ਰਹੇ ਸਨ ਉੱਥੇ ਹੀ ਕਿਸਾਨ ਜੱਥੇਬੰਦੀਆਂ ਦੇ ਝੰਡੇ ਤੇ ਤਿੰਨੋ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਓਣ ਤੇ ਐਮਏਸਪੀ ਨੂੰ ਕਾਨੂੰਨ ਬਣਾਉਣ ਵਾਰੇ ਲਿੱਖੇ ਬੈਨਰ ਵੀ ਅੱਜ ਦੇ ਕੱਢੇ ਜਾ ਰਹੇ ਮਾਰਚ ਦੇ ਕਾਰਨਾਂ ਨੂੰ ਬੁਲੰਦ ਆਵਾਜ਼ ‘ਚ ਬਿਆਨ ਕਰ ਰਹੇ ਸਨ।

ਇਸ ਟਰੈਕਟਰ ਮਾਰਚ ਵਿੱਚ ਜਿੱਥੇ ਬਜ਼ੁਰਗ, ਬੱਚੇ ਤੇ ਔਰਤਾਂ ਨੇ ਸ਼ਮੂਲੀਅਤ ਕੀਤੀ ਉੱਥੇ ਹੀ ਔਰਤਾਂ ਆਪ ਟਰੈਕਟਰ ਦੇ ਸਟੇਰਿੰਗ ਤੇ ਬਹਿ ਕੇ ਆਪ ਟਰੈਕਟਰਾਂ ਨੂੰ ਚਲਾ ਕੇ ਮਰਦ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਮਾਰਚ ਵਿੱਚ ਆਪਣਾ ਹਿੱਸਾ ਪਾਉਂਦੀਆਂ ਨਜ਼ਰ ਆਈਆਂ। ਕਿਸਾਨ ਜੱਥੇਬੰਦੀਆਂ ਦੀ ਕੱਲ੍ਹ ਜਨਵਰੀ 8 ਨੂੰ ਕੇਂਦਰ ਸਰਕਾਰ ਦੇ ਵਫ਼ਦ ਨਾਲ ਇਕ ਵਾਰ ਫੇਰ ਤੋਂ ਮੀਟਿੰਗ ਹੈ ਤੇ ਇਸ ਤੋਂ ਪਹਿਲਾਂ ਜੱਥੇਬੰਦੀਆਂ ਵਲੋਂ ਐਲਾਨੇ ਪ੍ਰੋਗਰਾਮ ਦੇ ਸੱਦੇ ਤੇ ਕੇਂਦਰ ਸਰਕਾਰ ਨੂੰ ਹਲੂਣਾ ਦੇਣ ਤੇ ਜ਼ੋਰ ਵਿਖਾਵੇ ਵੱਜੋਂ ਇਸ ਮਾਰਚ ਨੂੰ ਵੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਿਸਾਨ ਜੱਥੇਬੰਦੀਆਂ ਵਲੋਂ ਇਸ ਮਾਰਚ ਨੂੰ ਕੱਲ੍ਹ ਹੋਣ ਵਾਲੀ ਕੇਂਦਰ ਨਾਲ ਗੱਲਬਾਤ ਕਿਸੇ ਤਣ ਪੱਤਣ ਨਾ ਲੱਗਣ ਦੀ ਸੂਰਤ ‘ਚ 26 ਜਨਵਰੀ ਵਾਲੇ ਦਿਨ ਦਿੱਲੀ ‘ਚ ਪਰੇਡ ਵਿੱਚ ਸ਼ਾਮਲ ਹੋਣ ਲਈ ਰੀਹਰਸਲ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਬੁਰਾੜੀ ਮੈਦਾਨ ‘ਚ ਬੈਠੇ ਕਿਸਾਨ ਅੰਦੋਲਨਕਾਰੀਆਂ ਨੇ ਵੀ ਟਰੈਕਟਰ ਮਾਰਚ ‘ਚ ਹਿੱਸਾ ਲਿਆ ਤੇ ਦਿੱਲੀ ‘ਚ ਹੀ ਮਾਰਚ ਕੱਢਿਆ।

- Advertisement -

ਕੇਂਦਰ ਦੇ ਵਜ਼ੀਰ ਕੈਲਾਸ਼ ਚੌਧਰੀ ਨੇ ਇਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਮੋਦੀ ਤੇ ਉਹਨਾਂ ਦੀ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਪੱਖ ਦੇ ਹੀ ਦੱਸਿਆ ਤੇ ਇਹ ਵੀ ਕਿਹਾ ਕੀ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਕੱਲ੍ਹ ਹੋਣ ਵਾਲੀ ਮੀਟਿੰਗ ਦਾ ਇੰਤਜ਼ਾਰ ਜ਼ਰੂਰ ਕਰ ਲੈਣਾ ਚਾਹੀਦਾ ਸੀ। ਚੌਧਰੀ ਨੇ ਅੱਗੇ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਮਾਰਚ ਕੱਢਣਾ ਕਿਸਾਨਾਂ ਦਾ ਹੱਕ ਹੈ ਪਰ ਇਹ ਵੀ ਗੱਲ ਸਾਫ ਹੈ ਕਿ ਇਸ ਮਸਲੇ ਦਾ ਹੱਲ ਟੇਬਲ ‘ਤੇ ਬੈਠ ਕੇ ਗੱਲ ਬਾਤ ਨਾਲ ਹੀ ਨਿੱਕਲੇਗਾ। ਪਰ ਇਸ ਦੇ ਨਾਲ ਹੀ ਉਹਨਾਂ ਕਿਸਾਨ ਅੰਦੋਲਨ ਨੂੰ ਕਾਮਰੇਡ ਲੋਕਾਂ ਵਲੋਂ ਚਲਾਏ ਜਾਣ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਕੁਝ ਕਾਮਰੇਡ ਲੋਕ ਨਹੀਂ ਚਾਹੁੰਦੇ ਕਿ ਦੇਸ਼ ‘ਚ ਸ਼ਾਂਤੀ ਬਹਾਲ ਹੋਵੇ ਤੇ ਇਸ ਗੱਲ ਤੋਂ ਕਿਸਾਨਾਂ ਨੂੰ ਆਗਾਹ ਰਹਿਣ ਦੀ ਲੋੜ ਹੈ। ਉਹਨਾਂ ਫੇਰ ਦੋਹਰਾਇਆ ਕਿ ਮੁਲਕ ਦਾ ਵੱਡਾ ਹਿੱਸਾ ਤਿੰਨੋਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਹੈ ਤੇ ਇਹ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਵਾਲੇ ਕਾਨੂੰਨ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜਲਦ ਤੋਂ ਜਲਦ ਮਸਲੇ ਨੂੰ ਨਿਬੇੜਣਾ ਚਾਹੁੰਦੇ ਹਨ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਹੱਥੋਂ-ਹੱਥ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ‘ਚ ਕਾਨੂੰਨ ਦੀ ਸਥਿੱਤੀ ਨੂੰ ਠੀਕ ਰੱਖਣ ‘ਚ ਫੇਲ ਰਹੀ ਹੈ।

ਪੰਜਾਬ ਦੇ ਪਠਾਨਕੋਟ ਤੇ ਗੁਰਦਾਸਪੁਰ ਇਲਾਕੇ ਜੋ ਕਿ ਬੀਜੇਪੀ ਦਾ ਗੜ੍ਹ ਮੰਨੇ ਜਾਂਦੇ ਹਨ। ਪਠਾਨਕੋਟ ‘ਚ ਕਿਸਾਨਾਂ ਵਲੋਂ ਕਿਸਾਨੀ ਸੰਗਰਸ਼ ਨੂੰ ਕੋਈ ਬਹੁਤੀ ਹਮਾਇਤ ਨਹੀਂ ਮਿਲੀ ਤੇ ਭਾਰਤੀ ਜਨਤਾ ਪਾਰਟੀ ਵਲੋਂ ਇੱਥੇ ਮੀਟਿੰਗਾਂ ਕਰਕੇ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਲੋਕਾਂ ਨੂੰ ਸਮਝਾਉਣ ਦੇ ਪ੍ਰੋਗਰਾਮ ਚਲ ਰਹੇ ਹਨ। ਪਰ ਇਸ ਸਾਰੇ ਵਰਤਾਰੇ ਦੇ ਚਲਦੇ ਦਿੱਲੀ ਬਾਰਡਰਾਂ ਤੇ ਪਿੱਛਲੇ ਇਕ ਮਹੀਨੇ ਤੋਂ ਵੱਧ ਬੈਠੇ ਕਿਸਾਨੀ ਸੰਘਰਸ਼ ਕਰ ਰਹੇ ਅੰਦੋਲਨ ਕਾਰੀਆਂ ਨਾਲ ਜਦੋਂ ਵੀ ਗੱਲ ਕਰੋ ਇਕ ਹੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਕਾਨੂੰਨ ਰੱਦ ਕਰਵਾ ਕੇ ਹੀ ਘਰ ਮੁੜਾਂਗੇ। ਸਟੇਜ ਤੋਂ ਬੋਲਣ ਵਾਲੇ ਸਾਰੇ ਮੋਹਰੀ ਆਗੂਆਂ ਦਾ ਵੀ ਇਹੋ ਕਹਿਣਾ ਹੈ ਕਿ ਕੇਂਦਰ ਸਰਕਾਰ ਲਿਆਉਂਦੇ ਗਏ ਖੇਤੀ ਕਾਨੂੰਨ ਨੂੰ ਵਾਪਸੀ ਕਰਨ ਦੀ ਤਜ਼ਵੀਜ ਲੈ ਕੇ ਆਵੇ, ਇਸ ਤੋਂ ਘੱਟ ਕੋਈ ਗੱਲ ਮਨਜ਼ੂਰ ਨਹੀਂ। ਸੁਪਰੀਮ ਕੋਰਟ ਨੇ ਵੀ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪਾਈਆਂ ਪਟੀਸ਼ਨਾਂ ਦੀ ਸੁਣਵਾਈ ਕਰਨ ਦੀ ਹਾਮੀ ਭਰੀ ਹੈ। ਇਸ ਵਿਚਾਲੇ ਟਰੈਕਟਰ ਮਾਰਚ ਕੱਢ ਕੇ ਕਿਸਾਨ ਅੰਦੋਲਨਕਾਰੀਆਂ ਨੇ ਇਕ ਵਾਰ ਫੇਰ ਕੇਦਰ ਸਰਕਾਰ ਨੂੰ ਪੁਰਜ਼ੋਰ ਤਰੀਕੇ ਨਾਲ ਆਪਣੀ ਗੱਲ ‘ਤੇ ਰੁੱਖ ਸਾਫ ਕਰ ਦਿੱਤਾ ਹੈ। ਕੱਲ੍ਹ ਦੀ ਮੀਟਿੰਗ ‘ਤੇ ਹਰ ਇਕ ਦੀ ਨਜ਼ਰ ਬਣੀ ਹੋਈ ਹੈ , ਕੋਈ ਹੱਲ੍ਹ ਹੋਵੇਗਾ ਜਾਂ ਫੇਰ 26 ਜਨਵਰੀ ਨੂੰ ਇਕ ਵਾਰ ਫੇਰ ਤਿਰੰਗੇ ਝੰਡੇ ਵਾਲੇ ਟਰੈਕਟਰ ਦਿੱਲੀ ਦੀਆਂ ਸੜਕਾਂ ਤੇ ਪਰੇਡ ਕਰਦੇ ਨਜ਼ਰ ਆਉਣਗੇ। ਹਾਲ ਦੀ ਘੜੀ ਸਮੇਂ ਤੇ ਛੱਡ ਦੇਣਾ ਹੀ ਵਾਜਿਬ ਹੈ।

Share this Article
Leave a comment