ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਕੋਵਿਡ-19 ਵਿਰੁੱਧ ਜੰਗ ਵਿੱਚ ਸਮਰਥਨ ਦੇਣ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਸਾਰੇ ਸੂਬਿਆਂ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ, ਨਾਲ ਕੀਤੇ ਜਾ ਰਹੇ ਭੇਦਭਾਵ ਦੇ ਰੋਸ ਵਜੋਂ ਸੂਬੇ ਦੇ ਲੋਕਾਂ ਨੂੰ 1 ਮਈ ਨੂੰ ਆਪਣੇ ਘਰਾਂ / ਛੱਤਾਂ ਤੋਂ ਕੌਮੀ ਝੰਡਾ ਉਠਾਉਣ ਲਈ ਕਿਹਾ ਹੈ। ਪਾਰਟੀ ਕੇਂਦਰ ਤੋਂ 20,000 ਕਰੋੜ ਰੁਪਏ ਦੀ ਤੁਰੰਤ ਰਾਹਤ ਦੀ ਮੰਗ ਕਰੇਗੀ।
ਇਹ ਵਿਚਾਰ ਬੀਤੇ ਦਿਨੀਂ ਪਾਰਟੀ ਦੇ ਵਿਧਾਇਕਾਂ ਨਾਲ ਕੀਤੀ ਗਈ ਵੀਡੀਓ ਕਾਨਫਰੰਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੇਸ਼ ਕੀਤਾ ਗਿਆ ਜਿਸ `ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹਿਮਤੀ ਜਤਾਈ। ਮੁੁੱਖ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਅਤੇ ਤਾਲਾਬੰਦੀ / ਕਰਫਿਊ ਦੇ ਨਤੀਜੇ ਵਜੋਂ ਸੂਬੇ ਨੂੰ ਹਰ ਮਹੀਨੇ ਤਕਰੀਬਨ 3360 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ ਅਤੇ ਇੱਕ ਸਾਲ ਵਿੱਚ ਸੂਬੇ ਨੂੰ ਤਕਰੀਬਨ 50,000 ਕਰੋੜ ਰੁਪਏ ਦਾ ਘਾਟਾ ਸਹਿਣਾ ਪਏਗਾ।ਮੌਜੂਦਾ ਸੰਕਟ ਨਾਲ ਨਜਿੱਠਣ ਲਈ ਸੂਬੇ ਨੂੰ ਕੇਂਦਰ ਵੱਲੋ ਅਜੇ ਤੱਕ ਕੋਈ ਸਹਾਇਤਾ ਪ੍ਰਾਪਤ ਨਹੀਂ ਹੋਈ।
ਜਾਖੜ ਨੇ ਕਿਹਾ ਕਿ ਕਿ ਮਈ ਦਿਵਸ (ਮਜ਼ਦੂਰ ਦਿਵਸ) ਮੌਕੇ ਕੀਤਾ ਜਾਣ ਵਾਲਾ ਇਹ ਵਿਰੋਧ ਸੰਕਟ ਦੀ ਇਸ ਘੜੀ ਵਿੱਚ ਕੇਂਦਰੀ ਸਹਾਇਤਾ ਲਈ ਪੰਜਾਬ ਦੇ ਅਧਿਕਾਰ ਨੂੰ ਪ੍ਰਮੁੱਖਤਾ ਨਾਲ ਦਰਸਾਏਗਾ। ਉਨ੍ਹਾਂ ਕਿਹਾ “ਪੰਜਾਬ ਭਾਰਤ ਦਾ ਇਕ ਅਟੁੱਟ ਹਿੱਸਾ ਹੈ ਅਤੇ ਕੇਂਦਰ ਸਰਕਾਰ ਸਾਡੇ ਨਾਲ ਵਿਤਕਰਾ ਨਹੀਂ ਕਰ ਸਕਦੀ। ” ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪਾਰਟੀ ਕੋਵਿਡ ਸੰਕਟ ਨਾਲ ਸਿੱਝਣ ਵਾਸਤੇ ਰਾਜ ਦੀਆਂ ਕੋਸ਼ਿਸ਼ਾਂ ਨੂੰ ਬਲ ਦੇਣ ਲਈ 20,000 ਕਰੋੜ ਰੁਪਏ ਦੀ ਤੁਰੰਤ ਰਾਹਤ ਦੀ ਮੰਗ ਕਰੇਗੀ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨੇ ਅੱਗੇ ਕਿਹਾ ਕਿ ਇਹ ਉਨ੍ਹਾਂ ਕਿਸਾਨਾਂ, ਮਜ਼ਦੂਰਾਂ ਅਤੇ ਕਰੋਨਾ ਜੰਗ ਦੇ ਯੋਧਿਆਂ ਨਾਲ ਇੱਕਜੁਟਤਾ ਦਾ ਪ੍ਰਤੀਕ ਹੋਵੇਗਾ ਜੋ ਇਸ ਸੰਕਟ ਨਾਲ ਅੱਗੇ ਹੋ ਕੇ ਲੜ ਰਹੇ ਹਨ।
ਇਸ ਨੂੰ `ਆਪਣਾ ਹੱਕ ਮੰਗਣ` ਦਾ ਮਾਮਲਾ ਕਰਾਰ ਦਿੰਦਿਆਂ ਜਾਖੜ ਨੇ ਕਿਹਾ ਕਿ ਪੰਜਾਬ ਕਿਸੇ ਵੀ ਚੀਜ਼ ਦੀ ਭੀਖ ਨਹੀਂ ਮੰਗ ਰਿਹਾ ਬਲਕਿ ਆਪਣਾ ਹੱਕ ਮੰਗ ਰਿਹਾ ਹੈ।
ਜਾਖੜ ਨੇ ਕਿਹਾ ਕਿ ਪਾਰਟੀ 1 ਮਈ ਨੂੰ ਕੀਤੇ ਜਾ ਰਹੇ ਰੋਸ ਵਿੱਚ ਹਿੱਸਾ ਲੈਣ ਵਾਲਿਆਂ ਲਈ ਰਾਸ਼ਟਰੀ ਝੰਡਿਆਂ ਦਾ ਪ੍ਰਬੰਧ ਕਰੇਗੀ।