ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ ਵੱਲੋਂ ਖੇਤੀ ਕਾਨੂੰਨ ਦੇ ਖਿਲਾਫ ਨਵੀਂ ਰਣਨੀਤੀ ਉਲੀਕ ਦਿੱਤੀ ਗਈ। ਸੰਯੁਕਤ ਕਿਸਾਨ ਮੋਰਚੇ ਦੀ ਅੱਜ ਮੀਟਿੰਗ ਹੋਈ ਜਿਸ ਵਿਚ ਅਹਿਮ ਫ਼ੈਸਲਾ ਲਿਆ ਗਿਆ ਕਿ 18 ਫਰਵਰੀ ਨੂੰ ਰੇਲ ਰੋਕੋ ਅਭਿਆਨ ਚਲਾਇਆ ਜਾਵੇਗਾ। ਜਿਸ ਦੇ ਤਹਿਤ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਪੂਰੇ ਦੇਸ਼ ਦੇ ਵਿੱਚ ਰੇਲਾਂ ਨੂੰ ਰੋਕਿਆ ਜਾਵੇਗਾ। ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਕਿ 12 ਫਰਵਰੀ ਤੋਂ ਪੰਜਾਬ ਹਰਿਆਣਾ ਦੇ ਵਾਂਗ ਰਾਜਸਥਾਨ ਵਿੱਚ ਵੀ ਸਾਰੇ ਟੌਲ ਪਲਾਜ਼ਾ ਫ੍ਰੀ ਕੀਤੇ ਜਾਣਗੇ। ਜਿਵੇਂ ਪੰਜਾਬ ਅਤੇ ਹਰਿਆਣਾ ਵਿੱਚ ਟੋਲ ਪਲਾਜ਼ਾ ‘ਤੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਉਸੇ ਤਰ੍ਹਾਂ ਰਾਜਸਥਾਨ ਵਿੱਚ ਵੀ ਕਿਸਾਨ ਟੋਲ ਪਲਾਜ਼ਾ ‘ਤੇ ਧਰਨਾ ਦੇਣਗੇ ਅਤੇ ਸਾਰੀਆਂ ਗੱਡੀਆਂ ਫ੍ਰੀ ਵਿਚ ਹੀ ਲੰਘਾਈਆਂ ਜਾਣਗੀਆਂ।
ਸੰਯੁਕਤ ਕਿਸਾਨ ਮੋਰਚੇ ਨੇ ਫ਼ੈਸਲਾ ਕੀਤਾ ਕਿ 14 ਫਰਵਰੀ ਨੂੰ ਪੁਲਵਾਮਾ ਹਮਲੇ ਦੀ ਸਾਲਗਿਰ੍ਹਾ ਮੌਕੇ ਸ਼ਹੀਦ ਹੋਏ ਜਵਾਨਾਂ ਅਤੇ ਸ਼ਹੀਦ ਕਿਸਾਨਾਂ ਲਈ ਕੈਂਡਲ ਮਾਰਚ ਕੱਢਿਆ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਨੇ ਫੈਸਲਾ ਲਿਆ ਕਿ 16 ਫਰਵਰੀ ਨੂੰ ਸਰ ਛੋਟੂ ਰਾਮ ਦੀ ਜਯੰਤੀ ਮੌਕੇ ਏਕਤਾ ਨੂੰ ਦਰਸਾਉਂਦਾ ਸ਼ੋਅ ਕੀਤਾ ਜਾਵੇਗਾ। ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਡੈੱਡਲਾਕ ਦੀ ਸਥਿਤੀ ਬਣੀ ਹੋਈ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਪਰ ਸਰਕਾਰ ਇਹਨਾਂ ਵਿੱਚ ਸੋਧਾਂ ਕਰਨ ਲਈ ਹੀ ਤਿਆਰ ਹੈ। ਜਿਸ ਕਾਰਨ ਹੁਣ ਕਿਸਾਨ ਜਥੇਬੰਦੀਆਂ ਨੇ ਹੋਰ ਰਣਨੀਤੀ ਉਲੀਕ ਦਿੱਤੀ ਹੈ।