ਸੰਗਰੂਰ : ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ ਹੈ ਲਗਾਤਾਰ ਸਿਆਸੀ ਗਤੀਵਿਧੀਆਂ ਤੇਜ਼ ਹੋ ਰਹੀਆਂ ਹਨ ਇਸ ਦੇ ਚੱਲਦੇ ਜੇਕਰ ਗੱਲ ਸੱਤਾਧਾਰੀ ਕਾਂਗਰਸ ਪਾਰਟੀ ਦੀ ਕਰੀਏ ਤਾਂ ਉਨ੍ਹਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਪਿਛਲੇ ਚਾਰ ਸਾਲ ਦੌਰਾਨ ਵੱਡੇ ਪੱਧਰ ਤੇ ਵਿਕਾਸ ਕਾਰਜ ਕੀਤੇ ਗਏ ਹਨ । ਇਹ ਕਹਿਣਾ ਹੈ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਲੜਕੇ ਰਾਹੁਲ ਇੰਦਰ ਸਿੰਘ ਸਿੱਧੂ ਦਾ । ਸਿੱਧੂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਕੰਮ ਆਪ ਮੁਹਾਰੇ ਹੀ ਮੂੰਹੋਂ ਬੋਲ ਰਹੇ ਹਨ । ਇਸ ਮੌਕੇ ਉਨ੍ਹਾਂ ਵਿਕਾਸ ਕਾਰਜਾਂ ਨੂੰ ਲੈ ਕੇ ਅਕਾਲੀ ਭਾਜਪਾ ਸਰਕਾਰ ਤੇ ਵੀ ਤੰਜ ਕੱਸਿਆ । ਦਰਅਸਲ ਸਿੱਧੂ ਇੱਥੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਸਨ ।
ਸਿੱਧੂ ਨੇ ਸਾਬਕਾ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਫਿਰ ਉਨ੍ਹਾਂ ਵੱਲੋਂ ਸਿਰਫ ਕਾਗਜ਼ਾਂ ਵਿਚ ਹੀ ਵਿਕਾਸ ਨਹੀਂ ਕਰਵਾਇਆ ਜਾਂਦਾ ਬਲਕਿ ਜ਼ਮੀਨੀ ਪੱਧਰ ਤੇ ਵੀ ਕੰਮ ਕੀਤੇ ਜਾਂਦੇ ਹਨ । ਉੱਧਰ ਜੇਕਰ ਅੱਜ ਵਿਰੋਧੀ ਪਾਰਟੀਆਂ ਦੀ ਕਰ ਲਈਏ ਤਾਂ ਵਿਰੋਧੀ ਪਾਰਟੀਆਂ ਵਲੋਂ ਲਗਾਤਾਰ ਵਾਅਦੇ ਨਾ ਪੂਰੇ ਕਰਨ ਦੇ ਦੋਸ਼ ਲਾਏ ਜਾ ਰਹੇ ਹਨ । ਆਏ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਲੈ ਕੇ ਘੇਰਿਆ ਜਾ ਰਿਹਾ ਹੈ ਘਰ ਘਰ ਰੁਜ਼ਗਾਰ ਅਤੇ ਕਿਸਾਨੀ ਮਸਲੇ ਤੇ ਪ੍ਰਦਰਸ਼ਨ ਲਗਾਤਾਰ ਤੇਜ਼ ਹੁੰਦੇ ਜਾ ਰਹੇ ਹਨ। ਅਜਿਹੇ ਵਿੱਚ ਕਾਂਗਰਸ ਵੱਲੋਂ ਵਿਕਾਸ ਕਾਰਜ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਹੁਣ ਇਸ ਤੇ ਵਿਰੋਧੀ ਪਾਰਟੀਆਂ ਕੀ ਪ੍ਰਤੀਕਿਰਿਆ ਦਿੰਦੀਆਂ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।