ਰਾਘਵ ਚੱਢਾ ਨੇ ਕੈਪਟਨ ਨੂੰ ਲਿਖਿਆ ਪੱਤਰ, ਮੁਜ਼ਾਹਰਾਕਾਰੀ ਕਿਸਾਨਾਂ ਨੂੰ ਪੁਲਿਸ ਸੁਰੱਖਿਆ ਪ੍ਰਦਾਨ ਕਰਨ ਦੀ ਕੀਤੀ ਮੰਗ

TeamGlobalPunjab
5 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਗਿਆ। ਪੱਤਰ ਲਿਖਕੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਦਿੱਲੀ ਦੀ ਸਰਹੱਦ ਉੱਤੇ ਅੰਦੋਲਨਕਾਰੀ ਕਿਸਾਨਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਨੂੰ ਤੈਨਾਤ ਕੀਤਾ ਜਾਵੇ। ਪੱਤਰ ਵਿਚ ਉਨਾਂ ਕਿਹਾ ਕਿ ਪੰਜਾਬ ਵਿੱਚੋਂ ਕਿਸਾਨ ਭੈਣਾਂ ਅਤੇ ਭਰਾ ਦਿੱਲੀ ਦੇ ਬਾਰਡਰ ਉਤੇ ਪਿਛਲੇ ਕਰੀਬ 2 ਮਹੀਨਿਆਂ ਤੋਂ ਬੀਜੇਪੀ ਦੀ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਦੇ ਦੌਰਾਨ ਪਿਛਲੇ ਦਰਵਾਜੇ ਤੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਜੱਦੋ ਜਹਿਦ ਕਰ ਰਹੇ ਹਨ।

ਉਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਆਪ ਜੀ ਨੇ ਹੁਣ ਤੱਕ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਜ਼ਰਾ ਵੀ ਧਿਆਨ ਨਹੀਂ ਦਿੱਤਾ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਸਾਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਬਾਰਡਰ ਤੇ ਬੈਠੇ ਕਿਸਾਨਾਂ ਉੱਤੇ ਬੀਜੇਪੀ ਦੇ ਗੁੰਡੇ ਹਰ ਰੋਜ ਹਮਲੇ ਕਰ ਰਹੇ ਹਨ ਜਿਸ ਕਾਰਨ ਉਨਾਂ ਉੱਤੇ ਹੋਰ ਹਮਲਿਆਂ ਦਾ ਵੀ ਡਰ ਬਣਿਆ ਹੋਇਆ ਹੈ। ਕਿਸਾਨ ਵੀਰ ਅਤੇ ਭੈਣ ਹਰ ਰੋਜ਼ ਖ਼ੌਫ਼ ਦੇ ਸਾਏ ਹੇਠ ਰਹਿ ਰਹੇ ਹਨ। ਉਨਾਂ ਪੱਤਰ ਵਿੱਚ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਬੀਜੇਪੀ ਵੱਲੋਂ ਹਰ ਤਰਾਂ ਦੇ ਹੱਥਕੰਡੇ ਅਪਣਾ ਕੇ ਕਿਸਾਨਾਂ ਖਲਿਾਫ ਸਾਜਸ਼ਿਾਂ ਰਚੀਆਂ ਜਾ ਰਹੀਆਂ ਹਨ, ਉਹ ਬੀਜੇਪੀ ਆਪਣੇ ਗੁੰਡਿਆਂ ਕੋਲੋਂ ਕਿਸਾਨਾਂ ਉਤੇ ਹਮਲਾ ਕਰਵਾ ਰਹੀ ਹੈ ਅਤੇ ਆਪਣੀ ਪੁਲੀਸ ਨੂੰ ਕਹਿ ਕੇ ਉਨਾਂ ਖਲਿਾਫ ਕੋਈ ਕਾਰਵਾਈ ਨਹੀਂ ਕਰਨ ਦੇ ਰਹੇ। ਸਰਕਾਰ ਦੇ ਕਹਿਣ ਕਾਰਨ ਪੁਲੀਸ ਨੇ ਕਿਸਾਨਾਂ ਨੂੰ ਉਨਾਂ ਦੇ ਹਾਲ ਉੱਤੇ ਛੱਡ ਦਿੱਤਾ ਹੈ।

ਰਾਘਵ ਚੱਢਾ ਨੇ ਪੱਤਰ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਇਹ ਮੰਗ ਕਰਦੀ ਹੈ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲੀਆਂ ਥਾਂਵਾਂ ਦੇ ਚਾਰੇ ਪਾਸੇ ਪੰਜਾਬ ਪੁਲੀਸ ਦੀ ਤਾਇਨਾਤੀ ਕਰ ਦਿੱਤੀ ਜਾਣੀ ਚਾਹੀਦੀ ਹੈ। ਪੰਜਾਬ ਪੁਲੀਸ ਦੁਆਰਾ ਇਸ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਆਵਾਜ਼ ਬੇਖੌਫ ਬੁਲੰਦ ਕਰਦੇ ਰਹਿ ਸਕਣ। ਬੀਜੇਪੀ ਦੇ ਹਮਲਿਆਂ ਦੀਆਂ ਪਿਛਲੇ ਕੁਝ ਦਿਨ ਦੀਆਂ ਘਟਨਾਵਾਂ ਤੋਂ ਬਾਅਦ ਕਿਸਾਨਾਂ ਨੂੰ ਇਹ ਸੁਰੱਖਿਆ ਅਤਿ ਜ਼ਰੂਰੀ ਬਣ ਜਾਂਦੀ ਹੈ।

ਉਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਹੋਏ ਤੁਹਾਡੀਆਂ ਸੂਬੇ ਦੇ ਲੋਕਾਂ, ਸਾਡੇ ਭੈਣਾਂ ਭਰਾਵਾਂ ਅਤੇ ਦੇਸ਼ ਦੇ ਅੰਨਦਾਤਾ ਪ੍ਰਤੀ ਜ਼ਿੰਮੇਵਾਰੀਆਂ ਹਨ। ਸੂਬੇ ਦੇ ਮਾਣਮੱਤੇ ਨਾਗਰਿਕ ਜੋ ਬੀਜੇਪੀ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਅਤੇ ਭਾਜਪਾ ਆਗੂ ਦੇ ਮੰਦੇ ਵਿਵਹਾਰ ਦਾ ਵਿਰੋਧ ਕਰ ਰਹੇ ਹਨ ਅਤੇ ਇਨਾਂ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਆਪਣਾ ਜ਼ੋਰ ਲਗਾ ਰਹੇ ਹਨ ਨੂੰ ਸੁਰੱਖਿਆ ਦਿੱਤੀ ਜਾਣੀ ਬਣਦੀ ਹੈ।

- Advertisement -

ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਆਪ ਜੀ ਦੇ ਧਿਆਨ ਵਿੱਚ ਲਿਆਂਦੇ ਇਸ ਮੁੱਦੇ ਵੱਲ ਗੰਭੀਰਤਾ ਦਿਖਾਉਂਦਿਆਂ ਇਸ ਉਤੇ ਕਾਰਵਾਈ ਕੀਤੀ ਜਾਵੇ। ਉਨਾਂ ਇਹ ਵੀ ਕਿਹਾ ਕਿ ਇਸ ਗੱਲ ਨੂੰ ਤਵੱਜੋ ਦਿੱਤੀ ਜਾਵੇ ਕਿ ਬੀਜੇਪੀ ਆਪਣੇ ਖ਼ਿਲਾਫ਼ ਉਠਦੀ ਹਰ ਆਵਾਜ਼ ਨੂੰ ਦਬਾਉਣ ਦਾ ਹਮੇਸ਼ਾਂ ਯਤਨ ਕਰਦੀ ਹੈ। ਬੀਜੇਪੀ ਵੱਲੋਂ ਪਿਛਲੇ ਕੁਝ ਦਿਨਾਂ ਵਿੱਚ ਅਪਣਾਏ ਗਏ ਹਥਕੰਡਿਆਂ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਕਿਸਾਨ ਭੈਣਾਂ ਭਰਾਵਾਂ ਨੂੰ ਡਰਾਓੁਣ ਦੇ ਮਨਸੂਬੇ ਨਾਲ ਉਨਾਂ ਉੱਤੇ ਹਮਲੇ ਕਰਨਗੇ।

ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਬੇਤੁਕੇ ਤਰਕ ਦੇ ਕੇ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਬਚਾਅ ਲਈ ਪੰਜਾਬ ਪੁਲੀਸ ਦੀ ਤਾਇਨਾਤੀ ਨਹੀਂ ਕੀਤੀ ਜਾ ਸਕਦੀ ਕਿਉਂ ਜੋ ਕਿਸਾਨ ਪੰਜਾਬ ਤੋਂ ਬਾਹਰ ਪ੍ਰਦਰਸਨ ਕਰ ਰਹੇ ਹਨ। ਉਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਆਪਣੇ ਸਾਥੀ ਨੂੰ ਸਮਝਾਓ ਕਿ ਉਹ ਜਨਤਕ ਤੌਰ ’ਤੇ ਝੂਠ ਬੋਲਣ ਤੋਂ ਗੁਰੇਜ਼ ਕਰਨ ਤਾਂ ਜੋ ਉਨਾਂ ਨੂੰ ਭਵਿੱਖ ਵਿੱਚ ਸ਼ਰਮਿੰਦਾ ਨਾ ਹੋਣਾ ਪਵੇ। ਉਨਾਂ ਕਿਹਾ ਕਿ ਜਦੋਂ ਵੀ ਕੋਈ ਨੇਤਾ, ਅਫ਼ਸਰ ਪੰਜਾਬ ਤੋਂ ਬਾਹਰ ਜਾਂਦੇ ਹਨ ਤਾਂ ਉਨਾਂ ਨੂੰ ਦਿੱਤੀ ਗਈ ਪੰਜਾਬ ਪੁਲੀਸ ਸੁਰੱਖਿਆ ਵੀ ਉਨਾਂ ਦੇ ਨਾਲ ਹੀ ਜਾਂਦੀ ਹੈ ਇੱਥੋਂ ਤੱਕ ਕਿ ਪੰਜਾਬ ਪੁਲੀਸ ਦੇ ਇਨਾਂ ਨੇਤਾਵਾਂ ਦੇ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਤੱਕ ਸੁਰੱਖਿਆ ਪ੍ਰਦਾਨ ਕਰਦੇ ਹਨ, ਤਾਂ ਫਿਰ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਨਹੀਂ।
ਉਨਾਂ ਕਿਹਾ ਕਿ ਸੁਨੀਲ ਜਾਖੜ ਵੱਲੋਂ ਦਿੱਤੇ ਬਿਆਨ ਤੋਂ ਸਿੱਧ ਹੁੰਦਾ ਹੈ ਕਿ ਤੁਹਾਡੀ ਸਰਕਾਰ ਕਿਸਾਨਾਂ ਪ੍ਰਤੀ ਆਪਣੀਆਂ ਜ਼ਿਮੇਵਾਰੀਆਂ ਤੋਂ ਭੱਜ ਰਹੀ ਹੈ। ਉਨਾਂ ਕਿਹਾ ਕਿ ਜੇਕਰ ਅੱਜ ਆਮ ਆਦਮੀ ਪਾਰਟੀ ਸੂਬੇ ਵਿੱਚ ਸੱਤਾ ਧਿਰ ਹੁੰਦੀ ਤਾਂ ਹੁਣ ਤਕ ਪੰਜਾਬ ਪੁਲੀਸ ਦੇ ਜਵਾਨਾਂ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਸੁਰੱਖਿਆ ਲਈ ਤਾਇਨਾਤ ਕਰ ਦਿੱਤਾ ਗਿਆ ਹੁੰਦਾ। ਉਨਾਂ ਕੈਪਟਨ ਤੋਂ ਮੰਗ ਕੀਤੀ ਕਿ ਛੇਤੀ ਹੀ ਭਾਰੀ ਗਿਣਤੀ ਵਿਚ ਪੰਜਾਬ ਪੁਲੀਸ ਦੇ ਜਵਾਨਾਂ ਦੀ ਤਾਇਨਾਤੀ ਧਰਨਾ ਸਥਾਨ ਉਤੇ ਕੀਤੀ ਜਾਵੇ ਤਾਂ ਜੋ ਭਾਜਪਾ ਦੇ ਗੁੰਡੇ ਉਨਾਂ ਨੂੰ ਨੁਕਸਾਨ ਨਾ ਪਹੁੰਚਾ ਸਕਣ।

Share this Article
Leave a comment