ਨਵੀਂ ਦਿੱਲੀ : ਇੱਥੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਬਾਹਰ ਬੀਜੇਪੀ ਵਰਕਰਾਂ ਵੱਲੋਂ ਕੀਤੇ ਪ੍ਰਦਰਸ਼ਨ ਤੋਂ ਬਾਅਦ, ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਸਿਆਸੀ ਤਣਾਅ ਇਕ ਵਾਰ ਮੁੜ ਤੋਂ ਵਧ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਦਿੱਲੀ ਜਲ ਬੋਰਡ ਦੇ ਉਪ ਪ੍ਰਧਾਨ ਰਾਘਵ ਚੱਢਾ ਨੂੰ ਐਤਵਾਰ ਸਵੇਰੇ ਹਿਰਾਸਤ ‘ਚ ਲੈ ਲਿਆ ਗਿਆ।
ਰਾਘਵ ਚੱਢਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਬਾਹਰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮੰਗੀ ਸੀl ਜਿਸ ਨੂੰ ਦਿੱਲੀ ਪੁਲੀਸ ਨੇ ਖਾਰਜ ਕਰ ਦਿੱਤਾ ਸੀ। ਪੁਲੀਸ ਨੇ ਕੋਰੋਨਾ ਮਹਾਂਮਾਰੀ ਦਾ ਹਵਾਲਾ ਦਿੰਦੇ ਹੋਏ ਅਤੇ ਨਵੀਂ ਦਿੱਲੀ ਇਲਾਕੇ ਵਿੱਚ ਧਾਰਾ 144 ਲੱਗੀ ਹੋਣ ਕਾਰਨ ਕਾਰਵਾਈ ਕੀਤੀ।
ਹਿਰਾਸਤ “ਚ ਲਏ ਆਪ ਵਿਧਾਇਕ ਰਾਘਵ ਚੱਢਾ ਨੂੰ ਪੁਲੀਸ ਰਾਜਿੰਦਰ ਨਗਰ ਥਾਣੇ ‘ਚ ਲੈ ਕੇ ਪਹੁੰਚੀ ਹੈ। ਇਸ ਤੋਂ ਪਹਿਲਾਂ ਦੋ ਵਿਧਾਇਕ ਕੁਲਦੀਪ ਕੁਮਾਰ ਅਤੇ ਸ਼ੱਤਰੂਰਾਜ ਨੂੰ ਵੀ ਹਿਰਾਸਤ ‘ਚ ਲਿਆ ਹੈ।