ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਸਿੰਘਾਸਨ ਨੂੰ ਭਾਰਤ ਵਾਪਸ ਲਿਆਵੇਗੀ ਸਰਕਾਰ?

Global Team
2 Min Read

ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਬੁੱਧਵਾਰ ਨੂੰ ਸੰਸਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਸਿੰਘਾਸਨ ਨੂੰ ਵਾਪਸ ਭਾਰਤ ਲਿਆਉਣ ਮੰਗ ਰੱਖੀ ਹੈ। ਉਨ੍ਹਾਂ ਕਿਹਾ ਕਿ ਇਹ ਮੁੱਦਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।

ਰਾਜ ਸਭਾ ‘ਚ ਆਪਣੇ ਸੰਬੋਧਨ ਦੌਰਾਨ ਰਾਘਵ ਚੱਢਾ ਨੇ ਕਿਹਾ ਕਿ ਮੈਂ ਖ਼ੁਸ਼ਕਿਸਮਤ ਹਾਂ ਕਿ ਮੈਂ ਪੰਜਾਬ ਤੋਂ ਆਇਆ ਹਾਂ ਜਿੱਥੇ ਕਦੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੱਚਮੁੱਚ ਵਧੀਆ ਸ਼ਾਸਨ ਸੀ, ਜਿੱਥੇ ਸਾਰਿਆਂ ਨੂੰ ਇਨਸਾਫ਼ ਮਿਲਦਾ ਸੀ। ਉਹ ਅਜਿਹੇ ਮਹਾਨ ਯੋਧਾ ਸਨ, ਜਿਨ੍ਹਾਂ ਦੇ ਨਾਮ ਨਾਲ ਮਹਾਨ ਯੋਧਿਆਂ ਦੀਆਂ ਰੂਹਾਂ ਕੰਬਦੀਆਂ ਸਨ।

ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਮੈਦਾਨ-ਏ-ਜੰਗ ਵਿੱਚ ਸ਼ੇਰ ਵਾਂਗ ਗਰਜਦੇ ਸਨ। ਉਨ੍ਹਾਂ ਨੇ ਬਹਾਦਰੀ ਦਾ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਮਨੁੱਖਤਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਦੇ ਰਾਜ ਦੌਰਾਨ ਜਾਤ-ਪਾਤ ਅਤੇ ਧਰਮ ਦੇ ਨਾਂ ‘ਤੇ ਕੋਈ ਵਿਤਕਰਾ ਨਹੀਂ ਕੀਤਾ ਗਿਆ। ਬੀਬੀਸੀ ਵਿਸ਼ਵ ਇਤਿਹਾਸ ਦੇ ਇੱਕ ਸਰਵੇਖਣ ਨੇ ਮਹਾਰਾਜ ਰਣਜੀਤ ਸਿੰਘ ਨੂੰ ‘ਗਰੇਟੇਅਸਟ ਲੀਡਰ ਆੱਫ ਆਲ ਟਾਈਮ’ ਦਾ ਖ਼ਿਤਾਬ ਦਿੱਤਾ ਹੈ। ਮੈਂ ਇਸ ਸਦਨ ਵਿੱਚ ਅਜਿਹੇ ਮਹਾਤਮਾ ਨੂੰ ਸਲਾਮ ਕਰਦਾ ਹਾਂ ਅਤੇ ਉਨ੍ਹਾਂ ਦੀ ਗੱਦੀ ਵਾਪਸ ਲਿਆਉਣ ਦੀ ਅਪੀਲ ਕਰਦਾ ਹਾਂ।

ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਸਭ ਨੂੰ ਪ੍ਰੇਰਨਾ ਅਤੇ ਸਿੱਖਿਆ ਮਿਲਦੀ ਹੈ। ਇਸ ਲਈ ਉਨ੍ਹਾਂ ਦੀ ਗੱਦੀ ਦੇਸ਼ ਵਿੱਚ ਵਾਪਸ ਆਉਣੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਇਸ ਨੂੰ ਦੇਖਣ ਦਾ ਮੌਕਾ ਮਿਲਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਦੀ ਬਹਾਦਰੀ, ਮਨੁੱਖਤਾ ਅਤੇ ਰਾਜ ਦੀ ਨੀਤੀ ਬੱਚਿਆਂ ਨੂੰ ਕਿਤਾਬਾਂ ਵਿੱਚ ਪੜ੍ਹਾਉਣੀ ਚਾਹੀਦੀ ਹੈ ਤਾਂ ਜੋ ਉਹ ਅੱਜ ਦੇ ਸਿਆਸੀ ਦੌਰ ਵਿੱਚ ਚੰਗੇ ਸ਼ਾਸਨ ਦੇ ਅਸਲ ਅਰਥ ਜਾਣ ਸਕਣ।

ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸ਼ਾਹੀ ਸਿੰਘਾਸਨ ਲੰਡਨ ਦੇ ਵਿਕਟੋਰੀਆ ਅਤੇ ਐਲਬਰਟ ਮਿਊਜ਼ੀਅਮ ਵਿੱਚ ਰੱਖਿਆ ਹੋਇਆ ਹੈ। ਭਾਰਤ ਸਰਕਾਰ ਨੂੰ ਅੰਤਰਰਾਸ਼ਟਰੀ ਸਬੰਧਾਂ ਰਾਹੀਂ ਬ੍ਰਿਟਿਸ਼ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਉਸ ਗੱਦੀ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

Share This Article
Leave a Comment