ਚੰਡੀਗੜ: ਆਮ ਆਦਮੀ ਪਾਰਟੀ (ਆਪ) ਕੌਮੀ ਬੁਲਾਰੇ, ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ (ਰਾਘਵ ਚੱਢਾ ਦੀ ਜਾਤੀ) ਖੱਤਰੀ ਸਮਾਜ ਬਾਰੇ ਅਪਸ਼ਬਦ (ਅਪੱਤੀਜਨਕ ਸ਼ਬਦ) ਬੋਲਣ ਦਾ ਦੋਸ਼ ਲਾਇਆ ਹੈ। ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਅਪੱਤੀਜਨਕ ਸ਼ਬਦ ਬੋਲ ਕੇ ਖੱਤਰੀ ਸਮਾਜ ਦਾ ਅਪਮਾਨ ਕੀਤਾ ਹੈ, ਜਿਸ ਕਾਰਨ ਪੰਜਾਬ ਦੇ ਖੱਤਰੀ ਸਮਾਜ ਵਿੱਚ ਮੁੱਖ ਮੰਤਰੀ ਚੰਨੀ ਖ਼ਿਲਾਫ਼ ਰੋਸ਼ ਅਤੇ ਗੁੱਸਾ ਪਾਇਆ ਜਾ ਰਿਹਾ ਹੈ।
ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ, ”ਮੇਰੇ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਵਿੱਚਲੇ ਪਿੰਡ ਜਿੰਦਾਪੁਰ ‘ਚ ਨਜਾਇਜ ਮਾਇਨਿੰਗ ਵਾਲੀ ਥਾਂ ਨੂੰ ਪੰਜਾਬ ਵਾਸੀਆਂ ਅੱਗੇ ਰੱਖਿਆ ਗਿਆ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਮੁੱਖ ਮੰਤਰੀ ਚੰਨੀ ਦੀ ਸਰਪ੍ਰਸਤੀ ਵਿੱਚ ਹੀ ਰੇਤ ਮਾਫੀਆ ਸੂਬੇ ‘ਚ ਚੱਲ ਰਿਹਾ ਹੈ। ਜਿਸ ਤੋਂ ਬੁਖਲਾਹਏ ਮੁੱਖ ਮੰਤਰੀ ਚੰਨੀ ਨੇ ਰੋਪੜ ਵਿਖੇ ਮੀਡੀਆ ਸਾਹਮਣੇ ਮੇਰੇ ਗੋਤ, ਜਾਤ ਅਤੇ ਸਮਾਜ ਬਾਰੇ ਬਹੁਤ ਹੀ ਅਪੱਤੀਜਨਕ ਸ਼ਬਦ ਬੋਲੇ ਗਏ ਸਨ।” ਚੱਢਾ ਨੇ ਕਿਹਾ ਕਿ ਪੂਰੇ ਪੰਜਾਬ ਵਿੱਚੋਂ ਖਤਰੀ ਸਮਾਜ ਦੇ ਲੋਕਾਂ ਨੇ ਮੁੱਖ ਮੰਤਰੀ ਚੰਨੀ ਵੱਲੋਂ ਅਪਸ਼ਬਦ ਬੋਲਣ ਦਾ ਬੁਰਾ ਮਨਾਇਆ ਹੈ ਅਤੇ ਉਨਾਂ (ਚੱਢਾ) ਨੂੰ ਫੋਨ ਕਰਕੇ ਰੋਸ਼ ਜ਼ਾਹਰ ਕੀਤਾ ਹੈ।
ਰਾਘਵ ਚੱਢਾ ਨੇ ਕਿਹਾ, ”ਮੁੱਖ ਮੰਤਰੀ ਚੰਨੀ ਮੈਨੂੰ ਜੋ ਮਰਜੀ ਕਹਿਣ, ਮੈਂ ਸਹਿ ਸਕਦਾ ਹਾਂ। ਪਰ ਮੇਰੀ ਜਾਤ ਅਤੇ ਖੱਤਰੀ ਸਮਾਜ ਕਦੇ ਬਰਦਾਸ਼ਤ ਨਹੀਂ ਕਰੇਗਾ। ਪੰਜਾਬ ‘ਚ ਵੱਡੇ ਪੱਧਰ ‘ਤੇ ਖੱਤਰੀ ਸਮਾਜ ਰਹਿੰਦਾ ਹੈ। ਮੁੱਖ ਮੰਤਰੀ ਚੰਨੀ ਖੱਤਰੀ ਜਾਤ ਬਰਾਦਰੀ ਨੂੰ ਗਾਲ਼ ਨਾ ਦੇਣ। ਮੁੱਖ ਮੰਤਰੀ ਖੱਤਰੀ ਸਮਾਜ ਨਾਲ ਕਿਉਂ ਦੁਸ਼ਮਣੀ ਲੈਣਾ ਚਾਹੁੰਦੇ ਨੇ।”
ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਕਹੇ ਗਏ ਸ਼ਬਦਾਂ ਨੂੰ ਉਹ ਦੁਹਰਾਉਣਾ ਨਹੀਂ ਚਾਹੁੰਦੇ ਕਿਉਂਕਿ ਪੰਜਾਬ ਵਿੱਚ ਸਾਰੀਆਂ ਬਰਾਦਰੀਆਂ ਦੇ ਲੋਕ ਇੱਕ ਛੱਤਰੀ ਥੱਲੇ ਰਹਿੰਦੇ ਹਨ ਅਤੇ ਸਭ ਮਿਲਜੁੱਲ ਕੇ ਰਹਿੰਦੇ ਹਨ। ਉਨਾਂ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ। ਮੁੱਖ ਮੰਤਰੀ ਨੇ ਖਤਰੀ ਸਮਾਜ ਬਾਰੇ ਜੋ ਕਿਹਾ ਹੈ ਉਹ ਪੰਜਾਬ ਅਤੇ ਪੰਜਾਬੀਅਤ ਦੇ ਖ਼ਿਲਾਫ਼ ਹੈ।
ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਗੁਰੂ ਸਾਹਿਬਾਨਾਂ ਦੀ ਧਰਤੀ ਹੈ। ਇਸ ਧਰਤੀ ‘ਤੇ ਸਾਰੀਆਂ ਜਾਤੀਆਂ ਅਤੇ ਧਰਮਾਂ ਦਾ ਮਾਨ-ਸਨਮਾਨ ਕੀਤਾ ਜਾਂਦਾ ਹੈ। ਮੁੱਖ ਮੰਤਰੀ ਪੰਜਾਬ ਨੇ ਅਪਮਾਨਜਨਕ ਸ਼ਬਦ ਬੋਲ ਕੇ ਪੰਜਾਬ ਅਤੇ ਪੰਜਾਬੀਅਤ ਦਾ ਅਪਮਾਨ ਕੀਤਾ ਹੈ।