ਸਾਰੇ ਰੁਝੇਵੇਂ ਛੱਡ ਕੇ ਕੌਮੀ ਤਰਜੀਹ ‘ਤੇ ਕਿਸਾਨ ਮਸਲੇ ਹੱਲ ਕਰਨ ਮੋਦੀ: ਅਕਾਲੀ ਦਲ

TeamGlobalPunjab
6 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਖਿਆ ਕਿ ਉਹ ਆਪਣੇ ਰੁਝੇਵੇਂ ਛੱਡ ਕੇ ਨਿੱਜੀ ਤੌਰ ‘ਤੇ ਉਚ ਕੌਮੀ ਤਰਜੀਹ ‘ਤੇ ਦੇਸ਼ ਦੇ ਸੰਘਰਸ਼ ਕਰ ਰਹੇ ਅੰਨਦਾਤੇ ਦੀਆਂ ਵਾਜਬ ਮੰਗਾਂ ਮੰਨ ਕੇ ਮਸਲੇ ਦਾ ਨਿਪਟਾਰਾ ਕਰਨ।

ਪਾਰਟੀ ਨੇ ਕਿਹਾ ਕਿ ਰੋਸ ਵਿਖਾਵਾ ਕਰ ਰਹੇ ਅੰਨਦਾਤਾ ਦੀਆਂ ਤਿੰਨ ਕਿਸਾਨ ਵਿਰੋਧੀ ਐਕਟਾਂ ਬਾਰੇ ਮੰਗ ਬਿਲਕੁਲ ਵਾਜਬ, ਧਰਮ ਨਿਰਪੱਖ ਤੇ ਸੰਵਿਧਾਨਕ ਹਨ। ਪ੍ਰਧਾਨ ਮੰਤਰੀ ਤੇ ਉਹਨਾਂ ਦੇ ਸਹਿਯੋਗੀਆਂ ਨੇ ਵਾਰ ਵਾਰ ਆਖਿਆ ਹੈ ਕਿ ਕਿਸਾਨਾਂ ਦੀਆਂ ਜਿਣਸਾਂ ਦੀ ਐਮ ਐਸ ਪੀ ਅਨੁਸਾਰ ਯਕੀਨੀ ਖਰੀਦ ਹਰ ਹਾਲਤ ਵਿਚ ਜਾਰੀ ਰਹੇਗੀ। ਜੇਕਰ ਅਜਿਹਾ ਹੈ ਤਾਂ ਫਿਰ ਸਰਕਾਰ ਦੀ ਵਚਨਬੱਧਤਾ ਨੂੰ ਲੋੜੀਂਦੇ ਕਾਨੂੰਨ ਰਾਹੀਂ ਕਾਨੂੰਨ ਰੂਪ ਦੇਣ ਵਿਚ ਕੋਈ ਮੁਸ਼ਕਿਲ ਜਾਂ ਇਤਰਾਜ਼ ਨਹੀਂ ਹੋਣਾ ਚਾਹੀਦਾ।

ਪਾਰਟੀ ਦੀ ਕੋਰ ਕਮੇਟੀ ਦੀ ਅੱਜ ਦੁਪਹਿਰ ਹੋਈ ਮੀਟਿੰਗ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਬੇਹੱਦ ਭੜਕਾਊ, ਖਤਰਨਾਕ ਤੇ ਵੰਡ ਪਾਊ ਬਿਆਨ ਦਿੰਦਿਆਂ ਕਿਸਾਨਾਂ ਨੂੰ ਖਾਲਿਸਤਾਨੀ ਕਰਾਰ ਦੇਣ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ।

ਪਾਰਟੀ ਨੇ ਸਵਾਲ ਕੀਤਾ ਕਿ ਕੀ ਖੱਟਰ ਤੇ ਉਹਨਾਂ ਦੀ ਪਾਰਟੀ ਨੂੰ ਕਿਸਾਨੀ ਪਰਿਵਾਰਾਂ ਦੇ ਕਸੂਤੇ ਫਸੇ ਬਜ਼ੁਰਗ ਪੁਰਸ਼ ਤੇ ਔਰਤਾਂ ਖਾਲਿਸਤਾਨੀ ਨਜ਼ਰ ਆਉਂਦੀਆਂ ਹਨ ? ਪਾਰਟੀ ਨੇ ਕਿਹਾ ਕਿ ਇਹ ਕਿਸਾਨ ਨਹੀਂ ਬਲਕਿ ਹਰਿਆਣਾ ਦੇ ਮੁੱਖ ਮੰਤਰੀ ਹਨ ਜਿਹਨਾਂ ਨੇ ਦੇਸ਼ ਦੇ ਸੰਵਿਧਾਨ ਦਿਵਸ ਵਾਲੇ ਦਿਨ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ।

- Advertisement -

ਮੀਟਿੰਗ ਦੇ ਵੇਰਵੇ ਮੀਡੀਆ ਨਾਲ ਸਾਂਝੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਕਿਹਾ ਕਿ ਕੋਰ ਕਮੇਟੀ ਨੇ ਹਰਿਆਣਾ ਦੇ ਮੁੱਖ ਮੰਤਰੀ ‘ਤੇ ਕਾਂਗਰਸ ਦੀ ਪੁਰਾਣੀ ਚਾਲ ਮੁਤਾਬਕ ਵਿਰੋਧੀਆਂ ਨੂੰ ਵੱਖਵਾਦੀ ਕਰਾਰ ਦੇਣ ਦਾ ਕੰਮ ਕਰਨ ਦੇ ਦੋਸ਼ ਲਾਏ। ਉਹਨਾਂ ਕਿਹਾ ਕਿ ਇਹੀ ਉਹੀ ਮਾਨਸਿਕਤਾ ਹੈ ਜੋ 1982 ਵਿਚ ਅਕਾਲੀ ਵਿਧਾਇਕਾਂ ਖਿਲਾਫ ਕਾਂਗਰਸੀ ਜ਼ਬਰ ਲਈ ਜ਼ਿੰਮੇਵਾਰ ਸੀ ਤੇ ਡੇਢ ਦਹਾਕੇ ਤੱਕ ਚਲਦੀ ਰਹੀ ਤੇ ਸੰਘਰਸ਼ਸ਼ੀਲ ਦੇਸ਼ ਭਗਤ ਭਾਈਚਾਰੇ ਨੂੰ ਵੱਖਵਾਦੀ ਕਰਾਰ ਦਿੱਤਾ ਜਾਂਦਾ ਰਿਹਾ।

ਅਕਾਲੀ ਦਲ ਨੇ ਇਕ ਮਤੇ ਵਿਚ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਕਿਸਾਨਾਂ ਖਿਲਾਫ ਵਰਤੀਆਂ ਦਮਨਕਾਰੀ ਤੇ ਜ਼ਬਰ ਵਾਲੀਆਂ ਕਾਰਵਾਈਆਂ ਨੂੰ ਸਹੀ ਠਹਿਰਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਕਾ ਕਿ ਸੱਚਾਈ ਇਹ ਹੈ ਕਿ ਭਾਜਪਾ ਤੇ ਕੇਂਦਰ ਅਤੇ ਹਰਿਆਣਾ ਵਿਚ ਇਸਦੀਆਂ ਸਰਕਾਰਾਂ ਕਿਸਾਨਾਂ ਦੀ ਧਰਮ ਨਿਰਪੱਖ ਤੇ ਲੋਕਤੰਤਰੀ ਲਹਿਰ ਦੀ ਸਫਲਤਾ ਤੋਂ ਬੁਖਲਾ ਗਏ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਹਰ ਅਕਾਲੀ ਵਰਕਰ ਪਹਿਲੇ ਦਿਨ ਤੋਂ ਹੀ ਇਸ ਸੰਘਰਸ਼ ਦਾ ਹਿੱਸਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਤਿੰਨਾਂ ਤਖ਼ਤ ਸਾਹਿਬਾਨਾ ਤੋਂ ਚੰਡੀਗੜ੍ਹ ਤੱਕ ਵੱਡੇ ਕਿਸਾਨ ਮਾਰਚ ਕੱਢੇ। ਪਾਰਟੀ ਨੇ ਬਾਅਦ ਵਿਚ ਆਪਣੇ ਯਤਨ ਕਿਸਾਨਾਂ ਦੇ ਚਲ ਰਹੇ ਸੰਘਰਸ਼ ਨਾਲ ਜੋੜ ਦਿੱਤੇ ਕਿਉਂਕਿ ਅਜਿਹਾ ਖਦਸ਼ਾ ਸੀ ਕਿ ਅਕਾਲੀ ਦਲ ਵੱਲੋਂ ਬਰਾਬਰ ਪ੍ਰੋਗਰਾਮ ਰੱਖਣ ਨਾਲ ਕੇਂਦਰ ਖਿਲਾਫ ਇਕਜੁੱਟ ਲੜਾਈ ‘ਚ ਵਿਘਨ ਪੈ ਸਕਦਾ ਹੈ। ਉਸ ਦਿਨ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਇੱਛਾਵਾਂ ਅਨੁਸਾਰ ਸਾਡਾ ਸਾਰਾ ਧਿਆਨ ਤੇ ਯਤਨ ਇਕਜੁੱਟ ਹੋ ਕੇ ਲੜਨ ‘ਤੇ ਲੱਗਾ ਹੈ ਤੇ ਸਾਡੇ ਵਰਕਰ ਵੱਖ ਵੱਖ ਪੱਧਰਾਂ ‘ਤੇ ਇਸ ਸੰਘਰਸ਼ ਵਿਚ ਦਿਲੋਂ ਸ਼ਾਮਲ ਹਨ।

ਅਕਾਲੀ ਦਲ ਨੇ ਬਲਵਿੰਦਰ ਸਿੰਘ ਭੂੰਦੜ, ਪ੍ਰੋ. Êਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਿਕੰਦਰ ਸਿੰਘ ਮਲੂਕਾ ਦੀ ਸ਼ਮੂਲੀਅਤ ਵਾਲੀ ਤਿੰਨ ਮੈਂਬਰੀ ਕਮੇਟੀ ਵੀ ਗਠਿਤ ਕੀਤੀ ਜੋ ਕਿ ਹਮ ਖਿਆਲੀ ਕੌਮੀ ਤੇ ਖੇਤਰੀ ਪਾਰਟੀਆਂ ਨਾਲ ਗੱਲਬਾਤ ਕਰ ਕੇ ਕਿਸਾਨਾਂ ਲਈ ਨਿਆਂ ਹਾਸਲ ਕਰਨ ਵਾਸਤੇ ਸਮਰਥਨ ਜੁਟਾਉਏਗੀ ਤੇ ਉਹਨਾਂ ਖਿਲਾਫ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕੰਮ ਕਰੇਗੀ। ਇਹ ਕਮੇਟੀ ਚਲ ਰਹੇ ਕਿਸਾਨ ਸੰਘਰਸ਼ ਦੇ ਪ੍ਰਬੰਧਾਂ ਨਾਲ ਵੀ ਸੰਘਰਸ਼ ਦੀ ਸਫਲਤਾ ਲਈ ਤਾਲਮੇਲ ਬਣਾਏਗੀ।

ਬਾਦਲ ਨੇ ਪਾਰਟੀ ਦੀ ਹਰਿਆਣਾ ਇਕਾਈ ਦੇ ਆਗੂਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਕਿਸਾਨਾਂ ਦੇ ਹੱਕ ਵਿਚ ਵਰਕਰਾਂ ਦੀ ਲਾਮਬੰਦੀ ਕਰਨ ਅਤੇ ਯਕੀਨੀ ਬਣਾਉਣ ਕਿ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਲੰਗਰ ਤੇ ਹੋਰ ਮੈਡੀਕਲ ਸਹੂਲਤਾਂ ਮਿਲਦੀਆਂ ਰਹਿਣ।

- Advertisement -

ਬਾਦਲ ਨੇ ਪਾਰਟੀ ਦੇ ਜ਼ਿਲ੍ਹਾ ਅਤੇ ਸਰਕਲ ਜਥੇਦਾਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਵੀ ਦਿਨ ਰਾਤ 24 ਘੰਟੇ ਕਿਸਾਨਾਂ ਦੇ ਸੰਘਰਸ਼ ਦੀ ਸਫਲਤਾ ਵਾਸਤੇ ਪੂਰੀ ਸ਼ਮੂਲੀਅਤ ਕਰਨ। ਉਹਨਾਂ ਨੂੰ ਵੀ ਆਖਿਆ ਗਿਆ ਕਿ ਉਹ ਲੰਗਰ, ਮੈਡੀਕਲ ਸਹੂਲਤਾਂ ਤੇ ਹੋਰ ਲੋੜਾਂ ਦੀ ਰੈਗੂਲਰ ਸਪਲਾਈ ਯਕੀਨੀ ਬਣਾਉਣ। ਬਾਦਲ ਨੇ ਅਕਾਲੀ ਆਗੂਆਂ ਨੂੰ ਆਖਿਆ ਕਿ ਉਹ ਰੋਸ ਮੁਜ਼ਾਹਰੇ ਕਰ ਰਹੇ ਕਿਸਾਨ ਜਦੋਂ ਤੱਕ ਸੰਘਰਸ਼ ਦੀ ਸਫਲਤਾ ਲਈ ਦਿੱਲੀ ਹਨ, ਉਦੋਂ ਤੱਕ ਉਹਨਾਂ ਦੇ ਪਰਿਵਾਰਾਂ ਕੋਲ ਵਿਅਕਤੀਗਤ ਰੂਪ ਵਿਚ ਆ ਕੇ ਜਾਣ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਵੀ ਬੇਨਤੀ ਕੀਤੀ ਕਿ ਉਹ ਦਿੱਲੀ ਅਤੇ ਹਰਿਆਣਾ ਵਿਚ ਰੋਸ ਮੁਜ਼ਾਹਰੇ ਕਰ ਰਹੇ ਕਿਸਾਨਾਂ ਵਾਸਤੇ ਲੰਗਰ ਤੇ ਮੈਡੀਕਲ ਸਹੂਲਤਾਂ ਦੇ ਪ੍ਰਬੰਧਾਂ ਦੀ ਆਪ ਦੇਖ ਰੇਖ ਕਰਨ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਪਹਿਲਾਂ ਹੀ ਕਿਸਾਨਾਂ ਵਾਸਤੇ ਡੱਟ ਗਏ ਹਨ ਪਰ ਉਹਨਾਂ ਬੇਨਤੀ ਕੀਤੀ ਕਿ ਉਹ ਖਰਾਬ ਮੌਸਮ ਕਾਰਨ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਖਿਆਲ ਰੱਖਦਿਆਂ ਆਪਣੇ ਯਤਨ ਹੋਰ ਤੇਜ਼ ਕਰਨ।

ਕੋਰ ਕਮੇਟੀ ਨੇ ਮਾਨਸਾ ਦੇ ਕਿਸਾਨ ਧੰਨਾ ਸਿੰਘ ਦੀ ਸੰਘਰਸ਼ ਦੌਰਾਨ ਮੌਤ ਹੋਣ ‘ਤੇ ਵੀ ਦੁੱਖ ਪ੍ਰਗਟ ਕੀਤਾ।

Share this Article
Leave a comment