Home / News / ਅਮਰੀਕਾ ਦੇ ਨੈਸ਼ਨਲ ਬਾਸਕੇਟਬਾਲ ਐਸੋਸੀਏਸ਼ਨ ਲੀਗ ‘ਚ ਪੰਜਾਬ ਦਾ ਪ੍ਰਿੰਸਪਾਲ ਦਿਖਾਏਗਾ ਜੌਹਰ

ਅਮਰੀਕਾ ਦੇ ਨੈਸ਼ਨਲ ਬਾਸਕੇਟਬਾਲ ਐਸੋਸੀਏਸ਼ਨ ਲੀਗ ‘ਚ ਪੰਜਾਬ ਦਾ ਪ੍ਰਿੰਸਪਾਲ ਦਿਖਾਏਗਾ ਜੌਹਰ

ਚੰਡੀਗੜ੍ਹ: ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਕਾਦੀਆਂ ਗੁੱਜਰਾਂ ਦੇ ਬਾਸਕੇਟਬਾਲ ਖਿਡਾਰੀ ਪ੍ਰਿੰਸਪਾਲ ਸਿੰਘ ਦੀ ਅਮਰੀਕਾ ਦੇ ਨੈਸ਼ਨਲ ਬਾਸਕੇਟਬਾਲ ਐਸੋਸੀਏਸ਼ਨ ਲੀਗ ‘ਚ ਵਿਚ ਚੋਣ ਹੋਈ ਹੈ। ਐਨ.ਬੀ.ਏ. ਵਿੱਚ ਚੁਣੇ ਗਏ 6 ਫ਼ੁੱਟ 10 ਇੰਚ ਲੰਮੇ ਪ੍ਰਿੰਸਪਾਲ ਪਹਿਲੇ ਪੰਜਾਬੀ ਖਿਡਾਰੀ ਹਨ।

ਇਸ ਤੋਂ ਇਲਾਵਾ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੰਯੁਕਤ ਰਾਸ਼ਟਰ ਅਮਰੀਕਾ ਦੀ ਪ੍ਰਮੁੱਖ ਪੇਸ਼ੇਵਾਰਾਨਾ ਬਾਸਕੇਟਬਾਲ ਲੀਗ, ਨੈਸ਼ਨਲ ਬਾਸਕੇਟਬਾਲ ਐਸੋਸੀਏਸ਼ਨ (ਐਨ.ਬੀ.ਏ.) ਦੀ ਲੀਗ-ਜੀ ਵਿੱਚ ਚੁਣੇ ਜਾਣ ਲਈ ਪ੍ਰਿੰਸਪਾਲ ਸਿੰਘ ਨੂੰ ਵਧਾਈ ਦਿੱਤੀ ਹੈ।

ਰਾਣਾ ਸੋਢੀ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਤਨਾਮ ਸਿੰਘ ਭਮਰਾ, ਪਾਲਪ੍ਰੀਤ ਸਿੰਘ ਬਰਾੜ ਅਤੇ ਅਮਜੋਤ ਸਿੰਘ ਗਿੱਲ ਤੋਂ ਬਾਅਦ ਪ੍ਰਿੰਸਪਾਲ ਸਿੰਘ ਪੰਜਾਬ ਦਾ ਚੌਥਾ ਅਜਿਹਾ ਖਿਡਾਰੀ ਹੋਵੇਗਾ, ਜਿਸ ਨੇ ਸ਼ਾਨਦਾਰ ਮਾਅਰਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬਾਸਕੇਟਬਾਲ ਐਸੋਸੀਏਸ਼ਨ ਅਤੇ ਬਾਸਕੇਟਬਾਲ ਫ਼ੈਡਰੇਸ਼ਨ ਆਫ਼ ਇੰਡੀਆ ਅਧੀਨ ਚੱਲ ਰਹੀ ਵੱਕਾਰੀ ਨਰਸਰੀ ‘ਲੁਧਿਆਣਾ ਬਾਸਕੇਟਬਾਲ ਅਕੈਡਮੀ’ ਵਿੱਚ ਸਿਖਲਾਈ ਪ੍ਰਾਪਤ ਪ੍ਰਿੰਸਪਾਲ ਸਿੰਘ ਨੇ ਇਸ ਉਚਾਈ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ।

ਭਵਿੱਖ ਵਿੱਚ ਪ੍ਰਿੰਸਪਾਲ ਸਿੰਘ ਦੇ ਵੱਡੀਆਂ ਮੱਲਾਂ ਮਾਰਨ ਦੀ ਕਾਮਨਾ ਕਰਦਿਆਂ ਰਾਣਾ ਸੋਢੀ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਕਾਦੀਆਂ ਗੁੱਜਰਾਂ ਵਿੱਚ ਰਹਿੰਦੇ ਉਸ ਦੇ ਪਿਤਾ ਗੁਰਮੇਜ ਸਿੰਘ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਨੇ ਉਸ ਨੂੰ ਖੇਡ ਪਿੜ ਵਿੱਚ ਲਿਆਂਦਾ। ਉਨ੍ਹਾਂ ਕਿਹਾ ਕਿ ਪ੍ਰਿੰਸਪਾਲ ਸਿੰਘ ਦਾ ਐਨ.ਬੀ.ਏ. ਵਿੱਚ ਪ੍ਰਵੇਸ਼, ਵਿਸ਼ਵ ਦੀ ਵੱਕਾਰੀ ਲੀਗ ਵਿੱਚ ਖੇਡਣ ਦੇ ਉਸ ਦੇ ਸੁਪਨੇ ਦੇ ਪੂਰਾ ਹੋਣ ਦੇ ਨਜ਼ਦੀਕ ਹੈ। ਪ੍ਰਿੰਸਪਾਲ ਸਿੰਘ ਐਨ.ਬੀ.ਏ. ਦੀ ਜੀ-ਲੀਗ ਵਿੱਚ ਖੇਡਣ ਵਾਲਾ ਤੀਜਾ ਭਾਰਤੀ ਖਿਡਾਰੀ ਹੋਵੇਗਾ। ਉਹ 21 ਮੈਂਬਰੀ ਐਨ.ਬੀ.ਏ.-ਚੋਣ ਟੀਮ ਦੀ ਨੁਮਾਇੰਦਗੀ ਕਰੇਗਾ ਅਤੇ ਐਨ.ਬੀ.ਏ. ਨਾਲ ਉਹ ਸਿੱਧਾ ਇਕਰਾਰਨਾਮਾ ਕਰੇਗਾ। ਐਨ.ਬੀ.ਏ. ਅਕੈਡਮੀ ਦੇ ਗ੍ਰੈਜੂਏਟ ਪ੍ਰਿੰਸਪਾਲ ਸਿੰਘ ਨੇ ਅਗਲੇ ਸੀਜ਼ਨ ਵਿੱਚ ਐਨ.ਬੀ.ਏ. ਦੀ ਜੀ ਲੀਗ ਵਿੱਚ ਖੇਡਣ ਲਈ ਦਸਤਖ਼ਤ ਕੀਤੇ ਹਨ।

ਪੰਜਾਬ ਦੇ ਖੇਡ ਮੰਤਰੀ ਨੇ ਕਿਹਾ ਕਿ ਪ੍ਰਿੰਸਪਾਲ ਸਿੰਘ ਸੂਬੇ ਦੇ ਨੌਜਵਾਨਾਂ ਲਈ ਵੱਡੀ ਪ੍ਰੇਰਣਾ ਹੈ ਕਿਉਂ ਜੋ ਉਸ ਨੇ ਮੁਸ਼ਕਲ ਹਾਲਾਤ ਵਿੱਚ ਵੀ ਸਫ਼ਲਤਾ ਦੇ ਅਸਮਾਨ ਛੂਹੇ। ਹਾਲਾਂਕਿ ਉਹ 14 ਸਾਲ ਦੀ ਉਮਰ ਤੱਕ ਬਾਸਕੇਟਬਾਲ ਦੀਆਂ ਮੁਢਲੀਆਂ ਬਾਰੀਕੀਆਂ ਤੋਂ ਵੀ ਅਣਜਾਣ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਟਵੀਟ ਕਰ ਕੇ ਪ੍ਰਿੰਸਪਾਲ ਦੀ ਇਸ ਉਪਲਬਧੀ ‘ਤੇ ਵਧਾਈ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਪ੍ਰਿੰਸਪਾਲ ਸਿੰਘ ਸਾਲ 2017 ਵਿੱਚ ਐਨ.ਬੀ.ਏ. ਅਕੈਡਮੀ ਦਿੱਲੀ ਵਿੱਚ ਸ਼ਾਮਲ ਹੋਇਆ ਅਤੇ ਨਵੰਬਰ 2018 ਵਿੱਚ ਐਨ.ਬੀ.ਏ. ਗਲੋਬਲ ਅਕੈਡਮੀ, ਆਸਟਰੇਲੀਆ ਵਿੱਚ ਚਲਾ ਗਿਆ। ਆਪਣੇ ਐਨ.ਬੀ.ਏ. ਦੇ ਸਫ਼ਰ ਦੌਰਾਨ ਉਸ ਨੇ ਬਾਸਕੇਟਬਾਲ ਵਿਦਾਊਟ ਬਾਰਡਰਜ਼ (ਬੀ.ਡਬਲਯੂ.ਬੀ.) ਏਸ਼ੀਆ 2018, ਬੀ.ਡਬਲਯੂ.ਬੀ. ਗਲੋਬਲ 2018 ਅਤੇ ਐਨ.ਬੀ.ਏ. ਗਲੋਬਲ ਕੈਂਪ 2018 ਵਰਗੇ ਕਈ ਕੌਮਾਂਤਰੀ ਬਾਸਕੇਟਬਾਲ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ। ਪ੍ਰਿੰਸਪਾਲ ਸਿੰਘ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਸੀਨੀਅਰ ਪੁਰਸ਼ ਟੀਮ ਰਾਹੀਂ ਭਾਰਤ ਦੀ ਨੁਮਾਇੰਦਗੀ ਵੀ ਕੀਤੀ।

ਪ੍ਰਿੰਸਪਾਲ ਸਿੰਘ ਦੀ ਚੋਣ ਨੇ ਪੂਰੇ ਪੰਜਾਬ ਦੇ ਨਾਲ ਦੇਸ਼ ਦਾ ਨਾਂ ਵੀ ਰੋਸ਼ਨ ਕੀਤਾ ਹੈ ਉਨ੍ਹਾਂ ਦੀ ਇਸ ਉਪਲਬਧੀ ‘ਤੇ ਉਨ੍ਹਾਂ ਨੂੰ ਟਵੀਟਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।

Check Also

ਪੰਜਾਬ ‘ਚ ਨਹੀਂ ਰੁੱਕ ਰਿਹਾ ਮੀਂਹ, ਕਿਸਾਨ ਹੋ ਰਹੇ ਪਰੇਸ਼ਾਨ

ਚੰਡੀਗੜ੍ਹ : ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਮੌਸਮ ਦਾ ਵਿਗੜਿਆ ਮਿਜਾਜ਼ ਦੇਖਣ ਨੂੰ ਮਿਲ …

Leave a Reply

Your email address will not be published. Required fields are marked *