ਸੈਕਰਾਮੈਂਟੋ: ਅਮਰੀਕਾ ਦੇ ਸੈਕਰਾਮੈਂਟੋ ਸ਼ਹਿਰ ਵਿਚ ਲੁਟੇਰਿਆਂ ਨੇ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਨੌਜਵਾਨ ਦੀ ਪਹਿਚਾਣ ਖੰਨਾ ਦੇ ਪਿੰਡ ਚਕੋਹੀ ਦੇ ਗੁਰਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ 31 ਸਾਲਾ ਗੁਰਪ੍ਰੀਤ 7-ਇਲੈਵਨ ਸਟੋਰ ‘ਚ ਕੰਮ ਕਰਦਾ ਸੀ।
ਸੈਕਰਾਮੈਂਟੋ ਪੁਲਿਸ ਮੁਤਾਬਕ ਸਾਊਥ ਲੈਂਡ ਪਾਰਕ ਡਰਾਈਵ ਨੇੜ੍ਹੇ 43ਵੇਂ ਐਵੇਨਿਊ ਵਿਖੇ ਸਥਿਤ ਸਟੋਰ ‘ਚ ਦਾਖ਼ਲ ਹੋਏ ਗਾਹਕ ਨੂੰ ਗੁਰਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲਿਆ। ਗੁਰਪ੍ਰੀਤ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ। ਉਧਰ ਪਿੰਡ ਚਕੋਹੀ ਦੇ ਰਹਿੰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵਾਰਦਾਤ ਬਾਰੇ ਬੀਤੇ ਦਿਨੀ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਦੋ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ ਅਤੇ ਲਗਭਗ ਪੰਜ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ। ਉਹ ਆਪਣੇ ਪਿਛੇ ਪਤਨੀ ਅਤੇ ਪੰਜ ਸਾਲ ਦੀ ਬੇਟੀ ਛੱਡ ਗਿਆ ਹੈ।