ਵੇਨਿਸ : ਇਟਲੀ ‘ਚ ਪੰਜਾਬਣ ਮੁਟਿਆਰ ਸਤਿੰਦਰ ਕੌਰ ਸੋਨੀਆ ਨੇ ਪੁਲਿਸ ‘ਚ ਨੌਕਰੀ ਹਾਸਲ ਕਰਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਵੇਨਿਸ ਨੇੜੇ ਪੈਂਦੇ ਸ਼ਹਿਰ ਪਰਦੀਨੋਨੇ ਦੀ ਰਹਿਣ ਵਾਲੀ ਸਤਿੰਦਰ ਕੌਰ ਸੋਨੀਆ ਨੇ ਉੱਚ ਪੱਧਰੇ ਇਮਤਿਹਾਨ ਪਾਸ ਕਰਨ ਤੋਂ ਬਾਅਦ ਇਟਲੀ ਪੁਲਿਸ ਦੀ ਨੌਕਰੀ ਹਾਸਲ ਕੀਤੀ ਹੈ।
ਸਤਿੰਦਰ ਕੌਰ ਸੋਨੀਆ ਦਾ ਪਰਿਵਾਰ ਪਿੰਡ ਸੰਗੋਜਲਾ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਤ ਹੈ। ਪਿਤਾ ਮਹਿੰਦਰ ਸਿੰਘ ਅਤੇ ਮਾਤਾ ਬਲਜੀਤ ਕੌਰ ਦੀ ਧੀ ਸਤਿੰਦਰ ਕੌਰ ਦੀ ਇਟਲੀ ਦੇ ਬੈਰਗਮ ਇਲਾਕੇ ‘ਚ ਇਟਾਲੀਅਨ ਲੋਕਲ ਪੁਲਿਸ ‘ਚ ਨਿਯੁਕਤੀ ਹੋਈ ਹੈ। ਇਸ ਤੋਂ ਪਹਿਲਾਂ ਵੀ ਸੰਨ 2017 ਵਿਚ ਉਹ ਇਟਲੀ ਦੇ ਕਰੇਮੋਨਾ ਦੇ ਸ਼ਹਿਰ ਕਰੇਮਾ ਨਗਰ ਕੌਂਸਲ ਦੀ ਸਰਕਾਰੀ ਨੌਕਰੀ ਪ੍ਰਾਪਤ ਕਰ ਚੁੱਕੀ ਹੈ।
ਸਤਿੰਦਰ ਕੌਰ ਨੇ ਦੱਸਿਆ ਕਿ ਉਸ ਨੂੰ ਉਸ ਦੇ ਮਾਤਾ ਪਿਤਾ ਦੀ ਸੋਚ ਅਤੇ ਪ੍ਰੇਰਨਾ ਨਾਲ, ਭਰਾ ਗੁਰਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਦੁਆਰਾ ਮਿਲੇ ਭਰਪੂਰ ਸਹਿਯੋਗ ਸਦਕਾ ਹੀ ਅੱਗੇ ਵਧਣ ਦਾ ਮੌਕਾ ਮਿਲਿਆ।