ਓਨਟਾਰੀਓ: ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਇੱਕ 27 ਸਾਲਾ ਪੰਜਾਬਣ ਅਮਨਪ੍ਰੀਤ ਕੌਰ ਦੇ ਕਤਲ ਦੇ ਮਾਮਲੇ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਨਾਇਗਰਾ ਰੀਜਨਲ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਮਨਪ੍ਰੀਤ ਸਿੰਘ ਵਿਰੁੱਧ ਸੈਕੰਡ ਡਿਗਰੀ ਮਰਡਰ ਦੇ ਦੋਸ਼ ਲਗਾਏ ਹਨ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤੇ ਹਨ।
21 ਅਕਤੂਬਰ ਨੂੰ ਲਿੰਕਨ ਕਸਬੇ ਦੇ ਚਾਰਲਜ਼ ਡੇਲੀ ਪਾਰਕ ਵਿੱਚ ਅਮਨਪ੍ਰੀਤ ਕੌਰ ਦੀ ਲਾਸ਼ ਮਿਲੀ ਸੀ। ਪੋਸਟਮਾਰਟਮ ਰਿਪੋਰਟ ਮੁਤਾਬਕ ਉਸ ਦੇ ਸਰੀਰ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਰਹਿਣ ਵਾਲੀ ਅਮਨਪ੍ਰੀਤ 2021 ਵਿੱਚ ਕੈਨੇਡਾ ਗਈ ਸੀ ਅਤੇ ਇੱਕ ਹਸਪਤਾਲ ਵਿੱਚ ਪੱਕੀ ਨੌਕਰੀ ਕਰ ਰਹੀ ਸੀ। ਉਹ ਜਲਦੀ ਹੀ ਪੀਆਰ ਲੈ ਕੇ ਭਾਰਤ ਵਾਪਸ ਆਉਣ ਦੀ ਤਿਆਰੀ ਕਰ ਰਹੀ ਸੀ।
ਅਮਨਪ੍ਰੀਤ ਦੇ ਪਿਤਾ ਇੰਦਰਜੀਤ ਸਿੰਘ ਨੇ ਦੱਸਿਆ, “ਸਾਡੀ ਧੀ ਬਹੁਤ ਖੁਸ਼ ਸੀ। ਉਸ ਨੇ ਕਦੇ ਕਿਸੇ ਝਗੜੇ ਜਾਂ ਤਣਾਅ ਦੀ ਗੱਲ ਨਹੀਂ ਕੀਤੀ। ਅਸੀਂ ਤਾਂ ਉਸ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ।” ਉਨ੍ਹਾਂ ਨੇ ਅੱਗੇ ਕਿਹਾ, “20 ਅਕਤੂਬਰ ਨੂੰ ਰਾਤ ਨੂੰ (ਭਾਰਤੀ ਸਮੇਂ) ਮੇਰੀ ਉਸ ਨਾਲ ਆਖਰੀ ਵਾਰ ਗੱਲ ਹੋਈ ਸੀ। ਅਗਲੇ ਦਿਨ ਸ਼ਾਮ ਨੂੰ ਉਹ ਲਾਪਤਾ ਹੋ ਗਈ।”
ਪਰਿਵਾਰ ਨੂੰ ਇਹ ਦੁਖਦਾਈ ਖ਼ਬਰ ਅਮਨਪ੍ਰੀਤ ਦੀ ਵੱਡੀ ਭੈਣ ਨੇ ਦਿੱਤੀ, ਜੋ ਖੁਦ ਓਨਟਾਰੀਓ ਵਿੱਚ ਰਹਿੰਦੀ ਹੈ। ਉਸ ਨੇ ਹੀ ਅਮਨਪ੍ਰੀਤ ਦੇ ਲਾਪਤਾ ਹੋਣ ਦੀ ਪਹਿਲੀ ਰਿਪੋਰਟ ਦਰਜ ਕਰਵਾਈ ਸੀ।
ਪੁਲਿਸ ਮੁਤਾਬਕ, ਮੁਲਜ਼ਮ ਮਨਪ੍ਰੀਤ ਸਿੰਘ (27 ਸਾਲ, ਬਰੈਂਪਟਨ ਨਿਵਾਸੀ) ਅਮਨਪ੍ਰੀਤ ਦੀ ਲਾਸ਼ ਮਿਲਣ ਤੋਂ ਥੋੜ੍ਹੀ ਦੇਰ ਬਾਅਦ ਹੀ ਕੈਨੇਡਾ ਛੱਡ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਇਸ ਨੂੰ ਟਾਰਗੇਟਡ ਹਮਲਾ ਦੱਸਿਆ ਹੈ ਅਤੇ ਜਨਤਕ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ। ਨਾਇਗਰਾ ਰੀਜਨਲ ਪੁਲਿਸ ਦੀ ਹੋਮੀਸਾਈਡ ਯੂਨਿਟ ਜਾਂਚ ਕਰ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਜਾਣਕਾਰੀ ਹੋਵੇ ਤਾਂ ਸਾਂਝੀ ਕੀਤੀ ਜਾਵੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

