ਪਟਿਆਲਾ : ਮਹਾਨ ਕੋਸ਼ ’ਚ ਛਪੀਆਂ ਗ਼ਲਤੀਆਂ ਕਾਰਨ ਪਹਿਲਾਂ ਹੀ ਵਿਵਾਦਾਂ ’ਚ ਆਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਇਸ ਦੀਆਂ ਕਾਪੀਆਂ ਨਸ਼ਟ ਕਰਨ ਦੇ ਤਰੀਕੇ ’ਤੇ ਘਿਰ ਗਈ ਹੈ। ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਵੱਲੋ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਹਾਨਕੋਸ਼ ਦੀਆਂ 15 ਹਜ਼ਾਰ ਤੋਂ ਵੱਧ ਕਾਪੀਆਂ ਸਬੰਧੀ ਵਰਤੇ ਤਰੀਕੇ ਉਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਰੀਕਾ ਸਿੱਖ ਪੰਥ ਦੀਆਂ ਰਵਾਇਤਾਂ ਤੇ ਮਰਯਾਦਾ ਨੂੰ ਠੇਸ ਪਹੁੰਚਾਉਣ ਵਾਲਾ ਹੈ। ਬੀਬੀ ਸਤਵੰਤ ਕੌਰ ਨੇ ਕਿਹਾ ਕਿ ਮਹਾਨਕੋਸ਼ ਸਿਰਫ਼ ਇਕ ਕੋਸ਼ ਜਾਂ ਪੁਸਤਕ ਨਹੀਂ, ਸਗੋਂ ਭਾਈ ਕਾਹਨ ਸਿੰਘ ਨਾਭਾ ਜੀ ਦੀ ਮਹਾਨ ਰਚਨਾ ਹੈ ਜੋ ਸਿੱਖ ਇਤਿਹਾਸ, ਗੁਰਬਾਣੀ, ਸਿੱਖ ਸ਼ਬਦਾਵਲੀ ਅਤੇ ਪੰਥਕ ਧਰੋਹਰ ਦਾ ਜੀਵੰਤ ਦਰਪਣ ਹੈ। ਇਸ ਦਾ ਪ੍ਰਕਾਸ਼ਨ ਤੇ ਵੰਡ ਸਿੱਖ ਰਿਵਾਇਤਾਂ ਅਤੇ ਮਰਯਾਦਾ ਅਨੁਸਾਰ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਗਲਤ ਛਪਾਈ ਹੋ ਗਈ ਸੀ ਇਨ੍ਹਾਂ ਨੂੰ ਜਾਂ ਤਾਂ ਗੋਇੰਦਵਾਲ ਸਾਹਿਬ ਭੇਜਣਾ ਚਾਹੀਦਾ ਸੀ ਜਾਂ ਪੰਥ ਰਵਾਇਤ ਅਪਨਾਉਣੀ ਚਾਹੀਦੀ ਸੀ।
ਦਸ ਦਈਏ ਕਿ ਵੀਰਵਾਰ ਨੂੰ ਯੂਨੀਵਰਿਸਟੀ ’ਚ ਵੱਡੇ ਟੋਏ ਪੁੱਟ ਕੇ ਮਹਾਨ ਕੋਸ਼ ਦੀਆਂ ਕਾਪੀਆਂ ਉਨ੍ਹਾਂ ’ਚ ਸੁੱਟੇ ਜਾਣ ਦੀ ਘਟਨਾ ਤੋਂ ਬਾਅਦ ਵਿਦਿਆਰਥੀਆਂ ’ਚ ਰੋਸ ਦੀ ਲਹਿਰ ਫੈਲ ਗਈ। ਵਿਦਿਆਰਥੀਆਂ ਨੇ ਯੂਨੀਵਰਿਸਟੀ ਦੇ ਗੇਟ ਬੰਦ ਕਰ ਕੇ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਯੂਨੀਵਰਸਿਟੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਵਿਦਿਆਰਥੀਆਂ ਦਾ ਮੁਜ਼ਾਹਰਾ ਦੇਰ ਸ਼ਾਮ ਤੱਕ ਜਾਰੀ ਰਿਹਾ। ਸਿੱਖ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਵੱਲੋਂ 1930 ’ਚ ਤਿਆਰ ਕੀਤਾ ਗਿਆ ਪੰਜਾਬੀ ਦੇ ਲਗਪਗ 80 ਹਜ਼ਾਰ ਸ਼ਬਦਾਂ ਦੇ ਅਰਥਾਂ ਵਾਲਾ ‘ਮਹਾਨ ਕੋਸ਼’ ਕੁਝ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਕਾਸ਼ਨ ਵਿਭਾਗ ਵੱਲੋਂ ਛਾਪਿਆ ਗਿਆ ਸੀ। ਪੰਜਾਬੀ ਯੂਨੀਵਰਿਸਟੀ ਦੇ ਇਸ ਐਡੀਸ਼ਨ ’ਚ ਕਈ ਗ਼ਲਤੀਆਂ ਸਾਹਮਣੇ ਆਉਣ ਮਗਰੋਂ ਵਿਦਵਾਨ ਤੇ ਵਿਦਿਆਰਥੀ ਲਗਾਤਾਰ ਇਹ ਮੁੱਦਾ ਚੁੱਕਦੇ ਰਹੇ। ਮਾਮਲਾ ਸਰਕਾਰ ਤੱਕ ਪੁੱਜਾ ਤਾਂ ਇਸ ਦੀਆਂ ਸਾਰੀਆਂ ਕਾਪੀਆਂ ਵਾਪਸ ਲੈ ਕੇ ਨਸ਼ਟ ਕਰਨ ਫ਼ੈਸਲਾ ਕੀਤਾ ਗਿਆ। ਇਸੇ ਤਹਿਤ ਵੀਰਵਾਰ ਨੂੰ ਯੂਨੀਵਰਸਿਟੀ ’ਚ ਵੱਡੇ-ਵੱਡੇ ਟੋਏ ਪੁੱਟ ਕੇ ਇਨ੍ਹਾਂ ’ਚ ਮਹਾਨ ਕੋਸ਼ ਦੀਆਂ ਕਾਪੀਆਂ ਸੁੱਟੀਆਂ ਜਾ ਰਹੀਆਂ ਸਨ।