ਟੋਰਾਂਟੋ: ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਦੇ 2 ਹੋਰ ਡਰਾਈਵਰਾਂ ਦੀ ਮੌਤ ਹੋ ਗਈ ਹੈ ਅਤੇ ਹੁਣ ਤੱਕ ਕੁਲ 3 ਪੰਜਾਬੀ ਡਰਾਈਵਰਾਂ ਦੀ ਮੌਤ ਹੋ ਚੁੱਕੀ ਹੈ। ਗੁਰਦੀਪ ਸਿੰਘ ਦੁੱਗਾ ਅਤੇ ਪਾਲ ਗਰੇਵਾਲ ਦੋਨੋਂ ਪੰਜਾਬ ਦੇ ਰਹਿਣ ਵਾਲੇ ਸਨ। ਗੁਰਦੀਪ ਦੀ ਉਮਰ 70 ਸਾਲ ਸੀ ਅਤੇ ਉਹ ਜਲੰਧਰ ਦੇ ਰਹਿਣ ਵਾਲੇ ਸਨ ਜਦੋਂ ਕਿ ਪਾਲ ਗਰੇਵਾਲ ਲੁਧਿਆਣਾ ਨਾਲ ਸਬੰਧ ਰੱਖਦੇ ਸਨ । ਇਸ ਤੋਂ ਪਹਿਲਾਂ ਪਹਿਲਾਂ ਕਮਲ ਧਾਮੀ ਨਾਮਕ ਪੰਜਾਬੀ ਡਰਾਈਵਰ ਦੀ ਮੌਤ ਕੋਰੋਨਾ ਵਾਇਰਸ ਦੇ ਕਾਰਨ ਹੋ ਗਈ ਸੀ ਜੋ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ।
ਕਾਬਿਲੇਗੌਰ ਹੈ ਕਿ ਗੁਰਦੀਪ ਸਿੰਘ ਦੁੱਗਾ ਅਤੇ ਪਾਲ ਗਰੇਵਾਲ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿਚ ਜ਼ੇਰੇ ਇਲਾਜ ਸਨ। ਪਰ ਉਹ ਕੋਰੋਨਾ ਵਾਇਰਸ ਦੀ ਇਸ ਬਿਮਾਰੀ ਦਾ ਸਾਹਮਣਾ ਕਰਦੇ ਅਖੀਰ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਜਿਸ ਕਾਰਨ ੳੁਹਨਾਂ ਦੇ ਸਾਕ ਸਬੰਧੀਆਂ, ਡਰਾਈਵਰ ਭਾਈਚਾਰੇ ਸਮੇਤ ਹੋਰਨਾਂ ਅਦਾਰਿਆਂ ਵਿਚ ਮਾਤਮ ਛਾਇਆ ਹੋਇਆ ਹੈ ਅਤੇ ਇਨ੍ਹਾਂ ਦੇ ਜੱਦੀ ਪਿੰਡਾਂ ਵਿਚ ਵੀ ਇਨ੍ਹਾਂ ਮੌਤਾਂ ਨੂੰ ਲੈਕੇ ਦੁੱਖ ਪ੍ਰਗਟਾਇਆ ਗਿਆ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬੀ ਡਰਾਈਵਰਾਂ ਨੇ ਕੈਨੇਡਾ ਦੀ ਅਰਥ ਵਿਵਸਥਾ ਵਿਚ ਆਪਣਾ ਅਹਿਮ ਯੋਗਦਾਨ ਅਦਾ ਕੀਤਾ ਹੈ। ਵਿਦੇਸ਼ੀ ਯਾਤਰੀਆਂ ਦੀ ਢੋਆ ਢੁਆਈ ਦੇ ਕਾਰਨ ਇਨ੍ਹਾਂ ਡਰਾਈਵਰਾਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਹੋਣ ਦੇ ਚਾਂਸ ਜ਼ਿਆਦਾ ਰਹਿੰਦੇ ਹਨ ਜਿਸਦਾ ਖਮਿਆਜ਼ਾ ਇਨ੍ਹਾਂ ਡਰਾਈਵਰਾਂ ਨੂੰ ਵੀ ਭੁਗਤਣਾ ਪਿਆ। ਇਸ ਬਿਮਾਰੀ ਦੇ ਕਾਰਨ ਹੋਰਨਾਂ ਕਾਰੋਬਾਰਾਂ ਦੀ ਤਰਾਂ ਟੈਕਸੀ ਕਾਰੋਬਾਰ ਤੇ ਵੀ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪਿਆ ਹੈ ਅਤੇ ਇਹ ਕਾਰੋਬਾਰ ਬਿਲਕੁਲ ਬੰਦ ਹੈ।